5 Dariya News

ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ਿਲ੍ਹੇ ਦੇ ਲਗਭਗ 1952 ਵਿਦਿਆਰਥੀਆ ਨੂੰ ਸਮਾਰਟਫੋਨ ਵੰਡੇ

ਸਮਾਰਟ ਫੋਨਾਂ ਰਾਹੀਂ ਬੱਚੇ ਆਨ ਲਾਈਨ ਸਿੱਖਿਆ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਅਤੇ ਡਿਜੀਟਲ ਬੈਂਕਿੰਗ ਆਦਿ ਵੀ ਸਿੱਖ ਸਕਣਗੇ- ਰਾਣਾ ਸੋਢੀ

5 Dariya News

ਫਿਰੋਜ਼ਪੁਰ 18-Dec-2020

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਨੂੰ ਪੂਰਾ ਕਰਦਿਆਂ ਸੁੱਕਰਵਾਰ ਨੂੰ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਡੀਸੀ ਦਫਤਰ ਦੇ ਮੀਟਿੰਗ ਹਾਲ ਵਿਖੇ ਜਿਲ੍ਹੇ ਦੇ ਲੱਗਭਗ 18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਲਗਭਗ 1952 ਵਿਦਿਆਰਥੀਆਂ ਨੂੰ ਸਮਾਰਟ ਫੋਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਿਰੋਜ਼ਪੁਰ ਨੂੰ 40 ਟੈਬਲੈਟਸ ਵੰਡੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਅੱਜ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਮਕਸਦ ਨਾਲ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਪੜਾਈ ਵਿੱਚ ਮਦਦ ਕਰਨ ਦਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚਲ ਰਹੀ ਹੈ, ਪਰ ਗਰੀਬ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਆਨਲਾਈਨ ਪੜਾਈ ਦਾ ਲਾਭ ਲੈਣ ਤੋਂ ਅਸਮਰੱਥ ਸਨ। ਇਹ ਸਮਾਰਟ ਫੋਨ ਮਿਲਣ ਨਾਲ ਹੁਣ ਉਹ ਆਪਣੀ ਪੜਾਈ ਵਧੀਆ ਢੰਗ ਨਾਲ ਕਰ ਸਕਣਗੇ। 

ਉਨ੍ਹਾ ਦੱਸਿਆ ਕਿ ਇਨ੍ਹਾਂ ਸਮਾਰਟ ਫੋਨਾਂ ਦੀ ਮਦਦ ਨਾਲ ਵਿਦਿਆਰਥੀ ਨਾ ਸਿਰਫ ਆਨਲਾਈਨ ਪੜਾਈ ਕਰ ਸਕਣਗੇ ਬਲਕਿ ਔਜੋਕੇ ਸਮੇਂ ਵਿੱਚ ਵਰਤੇ ਜਾਣ ਵਾਲੇ ਡਿਜੀਟਲ ਭੁਗਤਾਨ, ਡਿਜੀਟਲ ਬੈਂਕਿਗ ਆਦਿ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਬੱਚੇ ਦੇਸ਼ਾਂ ਵਿੱਚ ਹੋ ਰਹੀਆਂ ਖੇਡਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ ਅਤੇ ਆਪਣਾ ਅਤੇ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਵੀ ਕਰਨਗੇ ਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਗੇ ਦੱਸਿਆ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਦਾ ਮਕਸਦ ਨੌਜਵਾਨ ਪੀੜੀ ਦੀ ਡਿਜੀਟਲ ਪਹੁੰਚ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹੀ ਸਰਕਾਰੀ ਐਪਲੀਕੇਸ਼ਨਾਂ (ਐਪ) ਰਾਹੀਂ ਮੁੱਢਲੀਆਂ ਲੋਕ ਪੱਖੀ ਸੇਵਾਵਾਂ, ਸਿੱਖਿਆ, ਕੈਰੀਅਰ ਦੇ ਮੌਕਿਆਂ, ਹੁਨਰ ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਤੱਕ ਉਨਾਂ ਦੀ ਪਹੁੰਚ ਨੂੰ ਵੀ ਯਕੀਨੀ ਬਣਾਉਣਾ ਹੈ। ਮੋਬਾਇਲ ਮਿਲਣ ਉਪਰੰਤ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਸਦਕਾ 136 ਪ੍ਰਾਇਮਰੀ ਅਤੇ 76 ਸੈਕੰਡਰੀ  ਸਕੂਲ ਸਮਾਰਟ ਬਣ ਚੁੱਕੇ ਹਨ। ਸਕੂਲਾਂ ਨੂੰ ਸਮਾਰਟ ਰੰਗਤ ਦੇਣ ਲਈ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਨੂੰ ਹੁਣ ਤੱਕ 328 ਪ੍ਰੋਜੈਕਟਰ ਅਤੇ ਹੋਰ ਸਮਾਰਟ  ਸਾਜ਼ੋ ਸਾਮਾਨ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ‘ਚ ਸਮਾਰਟ ਕਲਾਸ ਰੂਮਜ਼ ਬਣਾਉਣ ਲਈ ਵੱਡੇ ਪੱਧਰ ‘ਤੇ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ; ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਕੁਲਵਿੰਦਰ ਕੌਰ, ਡੀਈਓ ਪ੍ਰਾਇਮਰੀ ਰਾਜੀਵ ਕੁਮਾਰ ਛਾਬੜਾ,  ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਸੁਖਵਿੰਦਰ ਸਿੰਘ ਡਿਪਟੀ ਡੀਈਓ, ਐਲੀਮੈਂਟਰੀ, ਅੰਮ੍ਰਿਤਪਾਲ ਸਿੰਘ, ਦਵਿੰਦਰ ਜੰਗ ਆਦਿ ਹਾਜ਼ਰ ਸਨ।