ਪੰਜਾਬ ਸਮਾਰਟ ਕੁਨੈਕਸ਼ਨ ਯੋਜਨਾ ਦੇ ਦੂਜੇ ਪੜਾਅ ’ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ 20 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫੋਨ
ਜ਼ਿਲ੍ਹੇ ’ਚ ਬਾਰਵੀਂ ਕਲਾਸ ਦੇ ਕੁੱਲ 10,584 ਵਿਦਿਆਰਥੀਆਂ, 5404 ਲੜਕੇ ਅਤੇ 5180 ਲੜਕੀਆਂ ਨੂੰ ਮਿਲੇਗਾ ਫੋਨ
5 Dariya News
ਹੁਸ਼ਿਆਰਪੁਰ 18-Dec-2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਸਮਾਰਟ ਕੁਨੈਕਸ਼ਨ ਸਕੀਮ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ ਅੱਜ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀਆਂ ਨੂੰ ਆਪਣੇ ਹੱਥੋਂ ਸਮਾਰਟ ਫੋਨ ਸੌਂਪੇ। ਉਨ੍ਹਾਂ ਕਿਹਾ ਕਿ ਇਹ ਫੋਨ ਵਿਦਿਆਰਥੀਆਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਸਿੱਖਿਆ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।ਕੈਬਨਿਟ ਮੰਤਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਸਮਾਗਮ ਦੇ ਦੌਰਾਨ ਵਿਦਿਆਰਥੀਆਂ ਨੂੰ ਫੋਨ ਵੰਡਦਿਆਂ ਹੋਇਆ ਉਨ੍ਹਾਂ ਨੂੰ ਮਨ ਲਗਾਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਪੰਜਾਬ ਸਟੇਟ ਉਦਯੋਗ ਵਿਕਾਸ ਨਿਗਮ ਦੇ ਸੀਨੀਅਰ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਮਾਰਕਿਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਰਾਜੇਸ਼ ਗੁਪਤਾ ਦੀ ਮੌਜੂਦਗੀ ਵਿੱਚ 20 ਵਿਦਿਆਰਥੀਆਂ 10 ਲੜਕੀਆਂ ਅਤੇ 10 ਲੜਕਿਆਂ ਨੂੰ ਮੋਬਾਇਲ ਸੌਂਪਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਸਿੱਖਿਆ ਦੀ ਚਿੰਤਾ ਨੂੰ ਖਤਮ ਕਰ ਦਿੱਤਾ ਹੈ।ਉਦਯੋਗ ਅਤੇ ਵਣਜ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਾਰਵੀਂ ਕਲਾਸ ਦੇ ਕੁੱਲ 10,584 ਵਿਦਿਆਰਥੀਆਂ, 5404 ਲੜਕੇ ਅਤੇ 5180 ਲੜਕੀਆਂ ਨੂੰ ਸਮਾਰਟ ਫੋਨ ਮਿਲਣਗੇ। ਉਨ੍ਹਾਂ ਕਿਹਾ ਕਿ ਪਹਿਲੇ ਅਤੇ ਦੂਜੇ ਪੜਾਅ ਤਹਿਤ ਜ਼ਿਲ੍ਹੇ ਦੇ 68 ਸਕੂਲਾਂ ਦੇ 7777 ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦਸੰਬਰ ਅੰਤ ਤੱਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦੇ ਕਾਰਨ ਕੋਵਿਡ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਇਹ ਸਮਾਰਟ ਫੋਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਮਬਾਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਆਨਲਾਈਨ ਲਰਨਿੰਗ ਦੇ ਸਮੇਂ ਵਿੱਚ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਸਮਾਰਟ ਫੋਨ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਉਮੀਦ ਜਾਗੀ ਹੈ ਅਤੇ ਉਨ੍ਹਾਂ ਦਾ ਪੜ੍ਹਾਈ ਨੂੰ ਲੈ ਕੇ ਹੌਂਸਲਾ ਹੋਰ ਵੀ ਜ਼ਿਆਦਾ ਵੱਧਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਫੋਨਾਂ ਵਿੱਚ ਲਗਭਗ ਹਰ ਤਰ੍ਹਾਂ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਮੌਜੂਦ ਸਨ, ਜੋ ਕਿ ਉਨ੍ਹਾਂ ਲਈ ਮਦਦਗਾਰ ਰਹਿਣਗੀਆਂ।ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ’ਤੇ ਵਿਧਾਨ ਸਭਾ ਖੇਤਰ ਦੇ ਹਿਸਾਬ ਨਾਲ ਫੋਨਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਲਕਾ ਚੱਬੇਵਾਲ ਦੇ 1072, ਗੜ੍ਹਸ਼ੰਕਰ ਦੇ 1668, ਦਸੂਹਾ ਵਿਧਾਨ ਸਭਾ ਖੇਤਰ ਦੇ 2145, ਹੁਸ਼ਿਆਰਪੁਰ 1357, ਮੁਕੇਰੀਆਂ ਦੇ 1638, ਸ਼ਾਮ ਚੁਰਾਸੀ ਦੇ 1569 ਅਤੇ ਉੜਮੁੜ ਦੇ 1125 ਵਿਦਿਆਰਥੀਆਂ ਨੂੰ ਸਮਾਰਟ ਪੰਜਾਬ ਕਨੈਕਟ ਸਕੀਮ ਦੇ ਤਹਿਤ ਸਮਾਰਟ ਫੋਨ ਦਿੱਤੇ ਜਾਣਗੇ। ਉਨ੍ਹਾਂ ਫੋਨ ਦੀਆਂ ਵਿਸ਼ੇਸ਼ਤਾਵਾਂ ਦਾ ਵਿਦਿਆਰਥੀਆਂ ਨੂੰ ਹੋਣ ਵਾਲੇ ਲਾਭਾ ਦੀ ਗੱਲ ਕਰਦਿਆ ਕਿਹਾ ਕਿ ਇਹ ਵਿਦਿਆਰਥੀ ਆਪਣੇ ਸਲੇਬਸ ਅਤੇ ਕੋਰਸਾਂ ਦੇ ਬਾਰੇ ਵਿੱਚ ਆਨਲਾਈਨ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੋਨਾਂ ਰਾਹੀਂ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਨਾਗਰਿਕ ਸੇਵਾਵਾਂ ਅਤੇ ਭਲਾਈ ਸਕੀਮਾਂ ਤੋਂ ਵੀ ਜਾਣੂ ਹੋਇਆ ਜਾ ਸਕਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਬਾਰਵੀਂ ਦੇ ਬੱਚਿਆਂ ਦਾ ਸਹੀ ਮਾਇਨੇ ਵਿੱਚ ਕੈਰੀਅਰ ਸ਼ੁਰੂ ਹੁੰਦਾ ਹੈ ਅਤੇ ਇਸ ਦੌਰ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਾ ਹੋਰ ਵੀ ਵੱਧ ਜਾਂਦੀ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਲੈਂਦੇ ਹੋਏ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹ ਸਮਾਰਟ ਫੋਨ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਦਯੋਗ ਵਿਭਾਗ ਨੂੰ ਇਹ ਸਮਾਰਟ ਫੋਨ ਖਰੀਦਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅਸੀਂ ਲਾਵਾ ਕੰਪਨੀ ਤੋਂ ਇਹ ਫੋਨ ਖਰੀਦੇ ਹਨ ਅਤੇ ਕੋਵਿਡ ਦੇ ਚੱਲਦੇ ਫੋਨ ਦੀ ਸਪਲਾਈ ਵਿੱਚ ਦਿੱਕਤ ਆਈ ਸੀ ਪਰ ਹੁਣ ਇਹ ਦਿੱਕਤ ਦੂਰ ਹੋ ਗਈ ਹੈ ਅਤੇ ਦਸੰਬਰ ਦੇ ਆਖੀਰ ਤੱਕ ਬਾਕੀ ਸਾਰੇ ਰਹਿੰਦੇ ਫੋਨ ਬੱਚਿਆਂ ਨੂੰ ਵੰਡ ਦਿੱਤੇ ਜਾਣਗੇ। ਇਸ ਮੌਕ ’ਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ (ਸ) ਰਾਕੇਸ਼ ਕੁਮਾਰ, ਵੋਕੇਸ਼ਨਲ ਕੁਆਰਡੀਨੇਟਰ ਅਮਰੀਕ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡ) ਦਲਜੀਤ ਸਿੰਘ, ਦੀਪਕ ਪੁਰੀ ਆਦਿ ਵੀ ਮੌਜੂਦ ਸਨ।