5 Dariya News

ਸੁਰਜੀਤ ਹਾਕੀ ਸੁਸਾਇਟੀ ਹਾਕੀ ਦੇ ਖੇਤਰ ਵਿਚ ਸਿਰਮੌਰ ਸੰਸਥਾ: ਗੁਰਪ੍ਰੀਤ ਸਿੰਘ ਭੁੱਲਰ

5 Dariya News

ਜਲੰਧਰ 12-Dec-2020

ਜਲੰਧਰ ਦੇ ਕਮਿਸ਼ਨਰ ਆਫ ਪੁਲੀਸ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਅੱਜ ਜਿੱਥੇ ਆਪਣੇ ਜਿੰਦਗੀ ਦੌਰਾਨ ਹਾਕੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ ਹਨ, ਉਥੇ ਉਹਨਾਂ ਨੇ ਖਿਡਾਰੀਆਂ ਨੂੰ ਜੀਵਨ ਵਿਚ ਕਿਵੇਂ ਤਰੱਕੀ ਕਰਨੀ ਹੈ, ਬਾਰੇ ਜਾਣਕਾਰੀ ਦਿੰਦੇ ਹੋਏ ਉਤਸ਼ਾਹਿਤ ਵੀ ਕੀਤਾ ਗਿਆ ।ਵਰਨਣਯੋਗ ਹੈ  ਕਿ ਕਮਿਸ਼ਨਰ ਪੁਲੀਸ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ  ਜੋਂ ਅਪਣੇ ਖਾਨਦਾਨ ਦੀ ਤੀਜੀ ਪੀੜ੍ਹੀ ਦੇ ਇਕ ਅਜਿਹੇ ਅਧਿਕਾਰੀ ਹਨ ਜੋਂ  ਬਤੌਰ ਐਸ.ਐਸ.ਪੀ. ਜਲੰਧਰ ਤੈਨਾਤ ਹੋਕੇ ਉਸੇ ਹੀ ਸਰਕਾਰੀ ਕੋਠੀ ਵਿੱਚ ਆਪਣੀ ਰਿਹਾਇਸ਼ ਰੱਖ ਰਹੇ ਹਨ । ਇਸ ਤੋਂ ਪਹਿਲਾਂ ਪੰਜਾਬ ਹਾਕੀ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਅਤੇ  ਪਿਤਾ ਗੁਰ ਇਕਬਾਲ ਸਿੰਘ ਭੁੱਲਰ ਸਾਲ 1980 ਤੋਂ 1984 ਅਤੇ ਉਹਨਾ ਦੇ ਦਾਦਾ ਗੁਰਦਿਆਲ ਸਿੰਘ ਭੁੱਲਰ ਸਾਲ 1957 ਵਿੱਚ ਬਤੌਰ ਐਸ.ਐਸ.ਪੀ. ਜਲੰਧਰ ਤੈਨਾਤ ਰਹੇ।ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਕੋਚਿੰਗ ਕੈਂਪ ਦੇ 80ਵੈਂ ਦਿਨ ਪੂਰੇ ਹੋਣ ਉਪਰ ਅਪਣੇ ਸਮੇਂ ਦੇ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਅਤੇ ਇੰਸਪੈਕਟਰ ਜਨਰਲ ਆਫ ਪੁਲੀਸ ਦੇ ਔਹਦੇ ਉਪਰ ਤੈਨਾਤ ਗੁਰਪ੍ਰੀਤ ਸਿੰਘ ਭੁੱਲਰ ਨੇ ਹਾਕੀ ਕੈਂਪ ਵਿੱਚ ਭਾਗ ਲੈਣ ਵਾਲੇ ਹਾਕੀ ਖਿਡਾਰੀਆਂ ਵਿੱਚ ਸ਼ਾਮਿਲ ਹੋਕੇ ਉਹਨਾਂ ਨੇ ਆਪਣੇ ਸਮੇਂ ਲੱਗਣ ਵਾਲੇ ਅੰਡਾ ਹਾਕੀ ਕੈਂਪ ਦੀ ਯਾਦ ਤਾਜਾ ਕਰਦਿਆਂ ਕਿਹਾ ਕਿ ਉਹਨਾ ਨੇ ਵੀ ਹਾਕੀ ਅਜਿਹੇ ਹੀ ਕੈਂਪਾਂ ਵਿਚ ਸ਼ਮੂਲੀਅਤ ਕਰਕੇ ਸਿੱਖੀ ਸੀ । ਉਹਨਾਂ ਕਿਹਾ ਕਿ ਉਹਨਾ ਨੂੰ ਇਸ ਗੱਲ੍ਹ ਦਾ ਹਮੇਸ਼ਾ ਮਾਣ ਰਿਹਾ ਹੈ ਕਿ ਉਹ ਇਕ ਹਾਕੀ ਖ਼ਿਡਾਰੀ ਹੋਕੇ ਅੱਜ ਕਮਿਸ਼ਨਰ ਆਫ ਪੁਲੀਸ  ਦੇ ਅਹੁਦੇ ਉਪਰ ਤੈਨਾਤ ਹਾਂ ।ਉਹਨਾਂ ਅੱਗੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋ  ਅੰਤਰਰਾਸ਼ਟਰੀ ਪੱਧਰ ਦੇ ਹਾਕੀ ਟੂਰਨਾਮੇਂਟ ਨੂੰ ਹਰ ਸਾਲ ਆਯੋਜਤ ਕਰਨ ਦੇ ਨਾਲ ਨਾਲ ਹੀ14 ਤੇ 19 ਸਾਲਾਂ ਦੇ ਉਮਰ  ਵਰਗ ਦੇ ਬੱਚਿਆਂ ਦਾ ਹਾਕੀ ਕੋਚਿੰਗ ਕੈਂਪ ਦੀ ਜੋ  ਸੁਰੂਆਤ ਕੀਤੀ ਹੈ, ਯਕੀਨਨ ਇਹ ਭਵਿੱਖ ਵਿਚ ਪੰਜਾਬ ਅਤੇ ਇੰਡੀਆ ਦੀ ਹਾਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਵੇਗੀ । ਉਹਨਾਂ ਕਿਹਾ ਕਿ ਕਾਫੀ ਅਰਸੇ ਬਾਅਦ ਐਨੀ ਵੱਡੀ ਗਿਣਤੀ ਵਿੱਚ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਹਾਕੀ ਮੈਦਾਨ ਵਿੱਚ ਵੇਖਣ ਨੂੰ ਮਿਲਿਆ ਹੈ । ਉਹਨਾਂ ਬੱਚਿਆਂ ਨੂੰ ਅੱਗੇ ਸੰਬੋਧਨ  ਕਰਦੇ ਹੋਏ ਕਿਹਾ ਕਿ ਇਹ ਖਿਡਾਰੀ ਬਹੁਤ ਖੁਸ਼ਕਿਸਮਤ ਹਨ ਕਿ ਉਹਨਾ ਨੂੰ  ਓਲੰਪਿਕ ਤੇ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਕੋਚਾਂ ਰਾਹੀਂ ਟ੍ਰੇਨਿੰਗ ਦੇਣ ਦੇ ਨਾਲ ਨਾਲ ਚੰਗੀ ਡਾਇਟ, ਜਿਸ ਵਿਚ ਫਰੂਟ ਤੋਂ ਇਲਾਵਾ ਭਿੱਜੇ ਹੋਏ ਬਦਾਮ ਅਤੇ ਕੈਂਡਿਸ ਵੀ ਮਿਲ ਰਹੀਆਂ ਹਨ,  ਹੁਣ ਇਹ ਕੈਂਪ ਤਾਂ "ਬਦਾਮਾਂ ਵਾਲਾ ਕੈਂਪ" ਦੇ ਨਾਮ ਨਾਲ ਇੰਡੀਆ ਵਿਚ ਮਸ਼ਹੂਰ ਹੋ ਗਿਆ ਹੈ ।