ਜਿਲ੍ਹਾ ਪੁਲਿਸ ਦੀ ਮੁਸ਼ਤੈਦੀ ਸਦਕਾ ਲੁਧਿਆਣਾ ਤੋਂ ਅਗਵਾ ਬੱਚਾ ਕੁਝ ਘੰਟਿਆਂ ਬਾਅਦ ਬਰਾਮਦ
ਪੁਲਿਸ ਦੇ ਭਾਰੀ ਦਬਾਅ ਦੇ ਚੱਲਦਿਆਂ ਅਗਵਾਕਾਰ ਬੱਚੇ ਨੂੰ ਡਗਰੂ ਰੇਲਵੇ ਕਰਾਸਿੰਗ ਦੇ ਨਜ਼ਦੀਕ ਛੱਡ ਕੇ ਭੱਜੇ
5 Dariya News
ਮੋਗਾ 02-Dec-2020
ਜਿਲ੍ਹਾ ਪੁਲਿਸ ਮੋਗਾ ਦੀ ਮੁਸ਼ਤੈਦੀ ਦੇ ਚੱਲਦਿਆਂ ਲੁਧਿਆਣਾ ਤੋਂ ਅਗਵਾ ਹੋਇਆ ਦੋ ਸਾਲ ਦਾ ਬੱਚਾ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ। ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਅਤੇ ਲੁਧਿਆਣਾ ਪੁਲਿਸ ਨੂੰ ਸਪੁਰਦ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਕ 2 ਸਾਲਾ ਬੱਚਾ ਵਿਨਮਰ ਗੁਪਤਾ ਪੁੱਤਰ ਪੰਕਜ ਗੁਪਤਾ ਨੂੰ 01.12.20 ਨੂੰ ਦੁਪਹਿਰ 2 ਵਜੇ, ਹਰਜਿੰਦਰ ਸਿੰਘ (ਜੋ ਕਿ ਅਗਵਾ ਕੀਤੇ ਗਏ ਬੱਚੇ ਦੇ ਪਰਿਵਾਰ ਦੇ ਨਾਲ ਡਰਾਈਵਰ ਵਜੋਂ ਕੰਮ ਕਰਦਾ ਸੀ) ਵੱਲੋਂ ਕਾਰ ਸਵਿਫਟ ਡਿਜ਼ਾਇਰ ਰੰਗ ਚਿੱਟੇ ਨੰਬਰ ਪੀਬੀ 10 ਐਫਐਲ 8134 'ਤੇ ਅਗਵਾ ਕਰ ਲਿਆ ਗਿਆ। ਬੱਚੇ ਦੇ ਛੱਡਣ ਬਦਲੇ 4 ਕਰੋੜ ਰੁਪਏ ਦੀ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਪਤਾ ਲੱਗਿਆ ਕਿ ਅਗਵਾਕਾਰ ਲੁਧਿਆਣਾ ਤੋਂ ਫਰਾਰ ਹੋ ਗਿਆ ਹੈ ਅਤੇ ਮੋਗਾ ਜਿਲੇ ਵਿਚ ਦਾਖਲ ਹੋ ਗਿਆ ਹੈ। ਮੋਗਾ ਪੁਲਿਸ ਨੇ ਤੁਰੰਤ ਸਾਰੇ ਜਿਲੇ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਅਤੇ ਸਾਰੇ ਆਉਣ ਅਤੇ ਜਾਣ ਵਾਲੇ ਰਸਤਿਆਂ ਉੱਤੇ ਗੱਡੀਆਂ ਦੀ ਪ੍ਰਭਾਵਸ਼ਾਲੀ ਚੈਕਿੰਗ ਕਰਨ ਲਈ ਆਰ.ਆਰ.ਪੀ.ਆਰ.ਐੱਸ. / ਪੀ.ਸੀ.ਆਰ ਵਾਹਨਾਂ ਸਮੇਤ ਗਸ਼ਤ ਕਰ ਰਹੀਆਂ ਪਾਰਟੀਆਂ ਨੂੰ ਲਾਮਬੰਦ ਕੀਤਾ ਗਿਆ। ਅਗਵਾਕਾਰਾਂ ਉੱਤੇ ਜਦ ਪ੍ਰਭਾਵ ਪਾਇਆ ਗਿਆ ਤਾਂ ਉਹ ਉਕਤ ਸਵਿਫਟ ਡਿਜ਼ਾਇਰ ਕਾਰ ਨੂੰ ਸ਼ਾਮ ਨੂੰ ਕੋਟ ਈਸੇ ਖਾਂ ਖੇਤਰ ਵਿਚ ਛੱਡ ਗਏ।ਉਹਨਾਂ ਦੱਸਿਆ ਕਿ ਮਿਤੀ 02.12.20 ਦੀ ਸਵੇਰ ਨੂੰ ਐਸਐਚਓ ਸਦਰ ਦੀ ਗਸ਼ਤ ਟੀਮ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਕਾਰ ਵੀਡਬਲਯੂ ਪੋਲੋ ਨੰਬਰ ਐਚਆਰ 05 ਏਐਫ 0908 ਡਗਰੂ ਰੇਲਵੇ ਕਰਾਸਿੰਗ ਦੇ ਨਜ਼ਦੀਕ ਖੜ੍ਹੀ ਮਿਲੀ ਸੀ ਜਿਸ ਵਿੱਚ ਇੱਕ ਬੱਚੇ ਨੂੰ ਕੁਝ ਰਾਹਗੀਰਾਂ ਨੇ ਇਕੱਲਾ ਪਾਇਆ ਸੀ। ਥਾਣਾ ਸਦਰ ਦੇ ਐਸਆਈ ਨਿਰਮਲਜੀਤ ਸਿੰਘ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਉਕਤ ਅਗਵਾ ਹੋਇਆ ਬੱਚਾ ਵਿਨਮਰ ਗੁਪਤਾ ਨਿਕਲਿਆ। ਬੱਚੇ ਨੂੰ ਸੁਰੱਖਿਅਤ ਢੰਗ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੁਧਿਆਣਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੋਗਾ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਬਹੁਤ ਨੇੜੇ ਹੈ।