ਪੰਜਾਬ ਸਰਕਾਰ ਵਲੋਂ ਛੱਪੜਾਂ ਦੇ ਨਵੀਨੀਕਰਨ ਲਈ ਕਪੂਰਥਲਾ ਦੀ ਪਾਇਲਟ ਪ੍ਰਾਜੈਕਟ ਵਜੋਂ ਚੋਣ
ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਵਲੋਂ ਪਹਿਲੇ ਪੜਾਅ ਤਹਿਤ 5 ਪੰਚਾਇਤਾਂ ਨੂੰ 1 ਕਰੋੜ 49 ਲੱਖ ਦੇ ਚੈਕ ਤਕਸੀਮ
5 Dariya News
ਕਪੂਰਥਲਾ 25-Nov-2020
ਪੰਜਾਬ ਸਰਕਾਰ ਵਲੋਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲ ਕਦਮੀ ’ਤੇ ਛੱਪੜਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਦਾ ਪਾਣੀ ਸਿੰਚਾਈ ਲਈ ਵਰਤਣ ਦੀ ਯੋਜਨਾ ਲਈ ਕਪੂਰਥਲਾ ਜਿਲ੍ਹੇ ਦੀ ਪਾਇਲਟ ਪ੍ਰਾਜੈਕਟ ਵਾਸਤੇ ਚੋਣ ਕੀਤੀ ਗਈ ਹੈ।ਇਸ ਮੰਤਵ ਲਈ ਪੰਜਾਬ ਦੇ ਵਿੱਤ ਵਿਭਾਗ ਵਲੋਂ 7 ਕਰੋੜ 37 ਲੱਖ ਰੁਪੈ ਦੀ ਵਿਸ਼ੇਸ਼ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਪੰਚਾਇਤਾਂ ਨੂੰ ਵੰਡਣ ਦੀ ਸ਼ੁਰੂਆਤ ਅੱਜ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਪਿੰਡ ਔਜਲਾ ਤੋਂ ਕੀਤੀ ਗਈ।ਅੱਜ ਪਹਿਲੇ ਪੜਾਅ ਤਹਿਤ 5 ਪਿੰਡਾਂ ਨੂੰ 1 ਕਰੋੜ 49 ਲੱਖ 75 ਹਜ਼ਾਰ ਰੁਪੈ ਦੇ ਚੈਕ ਦਿੱਤੇ ਗਏ ਹਨ।ਪਿੰਡ ਔਜਲਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਵਲੋਂ ਵਿਧਾਨ ਸਭਾ ਵਿਚ ਲਗਾਤਾਰ ਇਸ ਮੁੱਦੇ ਨੂੰ ਉਭਾਰਿਆ ਗਿਆ ਕਿ ਪੰਜਾਬ ਦੇ ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ ਨਾਲ ਜ਼ਮੀਨਦੋਜ਼ ਪਾਣੀ ਨੂੰ ਗੰਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ, ਜਿਸ ’ਤੇ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਇਸ ਯੋਜਨਾ ਨੂੰ ਮਨਜ਼ੂਰ ਕਰਦਿਆਂ 7 ਕਰੋੜ 37 ਲੱਖ ਰੁਪੈ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ।
ਨਾਂ ਕਿਹਾ ਕਿ ਛੱਪੜਾਂ ਦੀ ਲਾਈਨਿੰਗ ਕਰਕੇ ਉਨ੍ਹਾਂ ਨੂੰ ਮੱਛੀ ਪਾਲਣ ਤੇ ਸਿੰਚਾਈ ਲਈ ਵਰਤਿਆ ਜਾਵੇਗਾ ਤੇ ਨਾਲ ਹੀ ਇਸ ਨਾਲ ਬਿਮਾਰੀਆਂ ਦੀ ਰੋਕਥਾਮ ਵਿਚ ਵੀ ਮਦਦ ਮਿਲੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਕਪੂਰਥਲਾ ਲਈ ਮਾਣ ਵਾਲੀ ਗੱਲ ਹੈ ਕਿ ਇਸਨੂੰ ਪਾਇਲਟ ਪ੍ਰਾਜੈਕਟ ਲਈ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਲੇ 4 ਮਹੀਨਿਆਂ ਦੌਰਾਨ ਅਨੇਕਾਂ ਪਿੰਡਾਂ ਵਿਚ ਛੱਪੜਾਂ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਉਨ੍ਹਾਂ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲਤਾ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ।ਅੱਜ ਜਿਨ੍ਹਾਂ ਪਿੰਡਾਂ ਨੂੰ ਗਰਾਂਟ ਦੇ ਚੈਕ ਵੰਡੇ ਗਏ ਉੁਨ੍ਹਾਂ ਵਿਚ ਔਜਲਾ ਜੋਗੀ ਨੂੰ 22.38 ਲੱਖ, ਧਾਲੀਵਾਲ ਦੋਨਾ ਨੂੰ 32 ਲੱਖ, ਖੋਜੇਵਾਲ ਨੂੰ 49 ਲੱਖ, ਕੋਟ ਕਰਾਰ ਖਾਂ ਨੂੰ 23 ਲੱਖ ਤੇ ਨੂਰਪੁਰ ਦੋਨਾ ਨੂੰ 23.27 ਲੱਖ ਸ਼ਾਮਿਲ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਕਾਂਗਰਸੀ ਆਗੂ ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ, ਬਲਾਕ ਸੰਮਤੀ ਮੈਂਬਰ ਸੁਰਜੀਤ ਕੌਰ ਤੇ ਹਰਜਿੰਦਰ ਸਿੰਘ, ਸਰਪੰਚ ਸਰਦੂਲ ਸਿੰਘ ਤੇ ਸਰਪੰਚ ਰਣਜੀਤ ਕੌਰ ਤੇ ਹੋਰ ਹਾਜ਼ਰ ਸਨ।