5 Dariya News

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰ ਦਾ ਉਦਘਾਟਨ

ਕੋਵਿਡ ਦੌਰਾਨ ਨਿਭਾਈ ਭੁਮਿਕਾ ਲਈ ਮੁੱਖ ਮੰਤਰੀ ਨੇ ਸਾਰੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਕੀਤੀ ਹੌਂਸਲਾਂ ਅਫਜਾਈ

5 Dariya News

ਬਟਾਲਾ 21-Nov-2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਇਕ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਕੋਵਿਡ ਦੌਰਾਨ ਸਲਾਘਾਯੋਗ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀ ਹੌਂਸਲਾਂ ਅਫਜਾਈ ਕਰਦਿਆਂ ਕਿਹਾ ਕਿ ਇੰਨਾਂ ਯੋਧਿਆ ਨਾਲ ਹੀ ਅਸੀਂ ਇਸ ਬਿਮਾਰੀ ਤੇ ਕਾਬੂ ਪਾਊਣ ਵਿਚ ਸਫਲ ਹੋਏ ਹਾਂ। ਇਸ ਮੌਕੇ ਉਨਾਂ ਨੇ ਕੋਵਿਡ ਦੇ ਵਰਤਮਾਨ ਰੁਝਾਨ ਦੇ ਮੱਦੇਨਜਰ ਸੂਬਾ ਵਾਸੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਮਿਸ਼ਨ ਫਤਿਹ ਤਹਿਤ ‘ਮਾਸਕ ਹੀ ਵੈਕਸੀਨ ਹੈ’ ਦਾ ਨਾਅਰਾ ਦਿੱਤਾ ਜੋ ਇਸ ਲੜਾਈ ਵਿਚ ਸਾਡਾ ਸਹਾਇਕ ਸਿੱਧ ਹੋ ਸਕਦਾ ਹੈ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਦੇਣਗੇ। ਉਨਾਂ ਨੇ ਦੱਸਿਆ ਕਿ ਇੰਨਾਂ ਸਿਹਤ ਕੇਂਦਰਾਂ ਵਿਚ 27 ਪ੍ਰਕਾਰ ਦੀਆਂ ਦਵਾਈਆਂ ਅਤੇ 6 ਪ੍ਰਕਾਰ ਦੇ ਮੈਡੀਕਲ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਮੰਨਿਆਂ ਹੈ ਕਿ ਪੰਜਾਬ ਸਿਹਤ ਸਹੁਲਤਾਂ ਮੁਹਈਆਂ ਕਰਵਾਉਣ ਵਿਚ ਮੋਹਰੀ ਸੂਬਾ ਹੈ। ਉਨਾਂ ਨੇ ਕਿਹਾ ਕਿ ਰਾਜ ਵਿਚ 3049 ਕੇਂਦਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ ਜਿਸ ਵਿਚੋਂ 2046 ਸਥਾਪਿਤ ਕੀਤੇ ਜਾ ਚੁੱਕੇ ਹਨ। ਜਦ ਕਿ 800 ਹੋਰ ਅਗਲੇ ਦੋ ਮਹੀਨੇ ਵਿਚ ਸ਼ੁਰੂ ਕਰ ਦਿੱਤੇ ਜਾਣਗੇ।ਕੋਵਿਡ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪੀਪੀਈ ਕਿੱਟਾਂ, 95 ਐਨ ਮਾਸਕ ਅਤੇ ਹੋਰ ਡਾਕਟਰੀ ਸਾਜੋ ਸਮਾਨ ਤੇ ਰਾਜ ਵਿਚ 184.95 ਕਰੋੜ ਰੁਪਏ ਖਰਚ ਕੀਤੇ ਹਨ ਜਦ ਕਿ 5.57 ਕਰੋੜ ਦੀਆਂ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਸਿਹਤ ਬੀਮਾ ਯੋਜਨਾ, ਬਾਲ ਸਵਾਸਥਯ ਕਾਰਯਕ੍ਰਮ, ਹੈਪੇਟਾਈਟਸ ਅਤੇ ਕੈਂਸਰ ਦੇ ਇਲਾਜ ਦੀ ਸਹੁਲਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਿਹਤ ਵਿਭਾਗ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨਾਂ ਸਿਹਤ ਕੇਂਦਰਾਂ ਵਿਚ ਮਾਰਚ 2019 ਤੋਂ ਹੁਣ ਤੱਕ 55 ਲੱਖ ਲੋਕਾਂ ਨੇ ਇਲਾਜ ਕਰਵਾਇਆ ਹੈ। ਇਸ ਮੌਕੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਸਿਹਤ ਵਿਭਾਗ ਸ੍ਰੀ ਹੁਸਨ ਲਾਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਿਨਾਂ ਵੱਖ ਵੱਖ ਜ਼ਿਲਿਆਂ ਤੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਵੀ ਆਨਲਾਈਨ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।ਇਸ ਆਨ-ਲਾਈਨ ਸਮਾਗਮ ਵਿੱਚ ਬਟਾਲਾ ਤੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ, ਹੋਰ ਡਾਕਟਰ ਅਤੇ ਸਿਹਤ ਅਮਲੇ ਨੇ ਵੀ ਸ਼ਮੂਲੀਅਤ ਕੀਤੀ।