ਕੁੱਟਮਾਰ ਦੀ ਸਿ਼ਕਾਰ ਹੋਈ ਅਨੁਸੂਚਿਤ ਜਾਤੀ ਦੀ ਪੀੜਤ ਨੂੰ ਦਿਵਾਇਆ ਜਾਵੇਗਾ ਪੂਰਾ ਇਨਸਾਫ
5 Dariya News
ਸ੍ਰੀ ਮੁਕਤਸਰ ਸਾਹਿਬ 19-Nov-2020
ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਨਾਲ ਸਬੰਧਿਤ ਪਿੰਡ ਦੋਦਾ ਪਿੰਡ ਦੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਕੁੱਟਮਾਰ ਦੀ ਸਿ਼ਕਾਰ ਹੋਈ ਪੀੜਤ ਔਰਤ ਨੂੰ ਪੂਰਾ ਇਨਸਾਫ ਦਿਵਾਉਣ ਲਈ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਤਿੰਨ ਮੈਂਬਰ ਟੀਮ ਪੀ.ਐਚ.ਸੀ ਦੋਦਾ ਵਿਖੇ ਪਹੁੰਚ ਕੇ ਹਲਾਤ ਦਾ ਜਾਇਜਾ ਲਿਆ ਅਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਇਹ ਜਾਣਕਾਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ, ਸ੍ਰੀ ਪ੍ਰਭ ਦਿਆਲ ਅਤੇ ਸ੍ਰੀ ਤਰਸੇਮ ਸਿੰਘ ਸਿਆਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਗਰੀਬ ਔਰਤ ਦੀ ਜੋ ਵੀਡੀਓ ਵਾਇਰਲ ਹੋਈ ਹੈ, ਇਹ ਬਿਲਕੁਲ ਸੱਚੀ ਤੇ ਸਹੀ ਹੈ ਅਤੇ ਪੀੜਤ ਪਰਿਵਾਰ ਨਾਲ ਧੱਕਾ ਤੇ ਬੇਇਨਸਾਫ ਹੋਈ ਹੈ ਅਤੇ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।ਇਸ ਮੌਕੇ ਉਹਨਾਂ ਪੁਲਿਸ ਪ੍ਰ਼ਸ਼ਾਸ਼ਨ ਨੂੰ ਹਦਾਇਤ ਕੀਤੀ ਕਿ ਦੋਸ਼ੀਆਨ ਦੇ ਖਿਲਾਫ ਐਸ.ਸੀ.ਐਸ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਨੁਸੂਚਿਤ ਜਾਤੀ ਨਾਲ ਸਬੰਧਿਤ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਸ ਪੁਲਿਸ ਅਧਿਕਾਰੀ ਦੀ ਹਾਜ਼ਰੀ ਵਿੱਚ ਪੀੜਤ ਔਰਤ ਦੀ ਕੁੱਟਮਾਰ ਹੋਈ ਹੈ, ਉਸਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਸਬੰਧਿਤ ਥਾਨਾ ਮੁੱਖੀ ਦਾ ਤਫਤੀਸ਼ ਦੌਰਾਨ ਤਬਾਦਲਾ ਕੀਤਾ ਜਾਵੇ ਅਤੇ ਆਪਣੀ ਮੁਕੰਮਲ ਰਿਪੋਰਟ ਕਮਿਸ਼ਨ ਪਾਸ 30 ਨਵੰਬਰ 2020 ਤੱਕ ਪੇਸ਼ ਕਰੇ। ਉਹਨਾਂ ਇਹ ਵੀ ਦੱਸਿਆ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿ਼ਲ੍ਹੇ ਦੇ ਐਸ.ਐਸ.ਪੀ. ਵਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਤਾਂ ਜੋ ਦੋਸ਼ੀਆਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿੱਦੜਬਾਹਾ, ਸ੍ਰੀ ਜਗਮੋਹਨ ਸਿੰਘ ਮਾਨ ਜਿ਼ਲ੍ਹਾ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ ਵੀ ਹਾਜ਼ਰ ਸਨ ।