5 Dariya News

ਤਿਓਹਾਰਾਂ ਦੇ ਬਾਵਜੂਦ ਪੰਜਾਬ ਲਈ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ

5 Dariya News

ਮਾਨਸਾ 07-Nov-2020

ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਦੇ ਚਲਦਿਆਂ ਫੌਜ ਅਤੇ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਿੱਚ  ਨੌਕਰੀਆਂ ਕਰਦੇ ਲੋਕਾਂ ਖਾਸ ਕਰਕੇ ਫੌਜੀਆਂ ਵਿੱਚ ਬੇਚੈਨੀ ਵਾਲੀ ਸਥਿਤੀ ਬਣੀ ਹੋਈ ਹੈ।ਰੇਲਾਂ ਬੰਦ ਹੋਣ ਕਾਰਨ ਪਹਿਲਾਂ ਦੁਸ਼ਹਿਰੇ ਮੌਕੇ ਘਰ ਪਹੁੰਚਣ ਤੋਂ ਵਾਂਝੇ ਰਹੇ ਪੰਜਾਬੀ ਹੁਣ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਵਿੱਚ ਅਸਮਰੱਥ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਇਨ੍ਹਾਂ ਲੋਕਾਂ ਲਈ ਕਮਜ਼ੋਰ ਵਿੱਤੀ ਸਾਧਨਾਂ ਦੇ ਚਲਦਿਆਂ ਹਵਾਈ ਸਾਧਨਾਂ ਰਾਹੀਂ ਘਰਾਂ ਨੂੰ ਪਰਤਣਾ ਬੇਹੱਦ ਮੁਸ਼ਕਲ ਹੈ।ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਿਸਾਨ ਯੂਨੀਅਨਾਂ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡਣ ਲਈ ਰਜ਼ਾਮੰਦ ਹੋ ਗਏ ਹਨ, ਪਰੰਤੂ ਯਾਤਰੀ ਗੱਡੀਆਂ ਨਾ ਚੱਲਣ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।ਸਿਰਫ਼ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਿਲ ਦੀ ਘੜੀ ਬਣੀ ਹੋਈ ਹੈ।ਦੀਵਾਲੀ, ਵਿਸ਼ਵਕਰਮਾ ਪੂਜਾ ਜਿਹੇ ਪਵਿੱਤਰ ਮੌਕਿਆਂ ਨੂੰ ਆਪਣੇ ਪਰਿਵਾਰਾਂ ਨਾਲ ਮਨਾਉਣ ਦੀ ਖੁਸ਼ੀ ਇਸ ਵਾਰ ਕਿਸਾਨ ਅੰਦੋਲਨ ਦੀ ਭੇਟ ਚੜ੍ਹਨ ਦੀ ਸੰਭਾਵਨਾ ਬਣੀ ਹੋਈ ਹੈ।ਜੰਮੂ ਤੇ ਕਸ਼ਮੀਰ ਤੋਂ ਦੇਸ਼ ਦੇ ਹੋਰਨਾਂ ਭਾਗਾਂ 'ਚ ਜਾਣ ਵਾਲੇ ਫੌਜੀ ਜਾਂ ਨੀਮ ਫ਼ੌਜੀ ਬਲਾਂ ਦੇ ਜਵਾਨ ਪੰਜਾਬ ਦੇ ਰੇਲਵੇ ਟਰੈਕਾਂ ਦੇ ਸੁੰਨੇ ਪਏ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਉਡੀਕ 'ਚ ਹਨ ਕਿਉਂਕਿ ਇਸ ਲਈ ਇੱਕੋ-ਇਕ ਰੂਟ ਜੰਮੂ-ਪਠਾਨਕੋਟ ਹੀ ਹੈ।