5 Dariya News

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਪਿੱਛੇ ਨਹੀਂ ਹਟੇਗੀ ਸੂਬਾ ਸਰਕਾਰ : ਗੁਰਪ੍ਰੀਤ ਸਿੰਘ ਕਾਂਗੜ

ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਲਈ ਸੂਬਾ ਸਰਕਾਰ ਵਚਨਬੱਧ

5 Dariya News

ਭਗਤਾ ਭਾਈਕਾ (ਬਠਿੰਡਾ) 02-Nov-2020

ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨਾ ਲਈ ਹਮੇਸ਼ਾ ਵਚਨਬੱਧ ਹੈ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਨਾਂ ਗੱਲਾਂ ਦਾ ਪ੍ਰਗਟਾਵਾਂ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਜ਼ਿਲੇ ਦੀ ਨਗਰ ਪੰਚਾਇਤ ਭਗਤਾ ਭਾਈਕਾ ਅਤੇ ਨਗਰ ਪੰਚਾਇਤ ਕੋਠਾ ਗੁਰੂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖਣ ਮੌਕੇ ਕੀਤਾ।ਇਸ ਦੌਰਾਨ ਕੈਬਨਿਟ ਮੰਤਰੀ ਸ. ਕਾਂਗੜ ਦੱਸਿਆ ਕਿ ਇਨਾਂ ਵਿਕਾਸ ਕਾਰਜਾਂ 'ਤੇ ਤਕਰੀਬਨ 398.89 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਭਵਿੱਖ ਵਿਚ ਵੀ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਸ. ਕਾਂਗੜ ਨੇ ਨਗਰ ਪੰਚਾਇਤ ਭਗਤਾ ਭਾਈਕਾ ਵਿਖੇ 239.30 ਲੱਖ ਤੇ ਨਗਰ ਪੰਚਾਇਤ ਕੋਠਾ ਗੁਰੂ ਵਿਖੇ 159.59 ਲੱਖ ਦੀ ਲਾਗਤ ਨਾਲ ਬਨਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਦੇ ਵੀ ਪਿਛੇ ਨਹੀਂ ਹਟੇਗੀ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ। ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਉਹ ਕਿਸਾਨਾਂ ਲਈ ਕਿਸੇ ਵੀ ਤਰਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ।ਕੈਬਨਿਟ ਮੰਤਰੀ ਸ. ਕਾਂਗੜ ਨੇ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੂਰੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਇਸ ਸਮੇਂ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਉਨਾਂ ਨੂੰ ਧੱਕੇਸ਼ਾਹੀ ਨਾਲ ਦਬਾਉਣ 'ਤੇ ਤੁਲੀ ਹੋਈ ਹੈ। ਸ. ਕਾਂਗੜ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਰ.ਡੀ.ਐਫ਼ 'ਤੇ ਰੋਕ ਲਗਾਉਣਾ ਤੇ ਪਿਛਲੇ ਡੇਢ ਸਾਲਾਂ ਤੋਂ ਸੂਬਾ ਸਰਕਾਰ ਦਾ ਬਣਦਾ ਜੀ.ਐਸ.ਟੀ. ਦਾ 10 ਹਜ਼ਾਰ ਕਰੋੜ ਰੁਪਏ ਨਾ ਦੇਣਾ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਤਬਾਹ ਕਰਨ ਦੇ ਬਰਾਬਰ ਹੈ। ਜਿਸ ਨੂੰ ਪੰਜਾਬ ਦੇ ਵਸਨੀਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਇਸ ਮੌਕੇ ਉਨਾਂ ਦੇ ਨਾਲ ਡੀ.ਐਸ.ਪੀ. ਫੂਲ ਸ਼੍ਰੀ ਜਸਬੀਰ ਸਿੰਘ, ਕਾਰਜ ਸਾਧਕ ਅਫ਼ਸਰ ਭਗਤਾ ਭਾਈਕਾ ਸ਼੍ਰੀ ਸੁਰਿੰਦਰ ਗਰਗ, ਚੇਅਰਮੈਨ ਮਾਰਕਿਟ ਕਮੇਟੀ ਭਗਤਾ ਭਾਈਕਾ ਸ਼੍ਰੀ ਰਾਜਵੰਤ ਸਿੰਘ ਅਤੇ ਸ਼੍ਰੀ ਇੰਦਰਜੀਤ ਸਿੰਘ ਮਾਨ ਆਦਿ ਸ਼ਖ਼ਸ਼ੀਅਤਾਂ ਹਾਜ਼ਰ ਸਨ।