ਪਲਸ ਪੋਲੀਓ ਮੁਹਿੰਮ :ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਪਹਿਲੇ ਦਿਨ 20 ਹਜ਼ਾਰ ਬੱਚਿਆਂ ਨੂੰ ਪਿਲਾਈ ਦਵਾਈ
ਸਿਵਲ ਸਰਜਨ ਡਾ. ਜੀ.ਬੀ. ਸਿੰਘ ਨੇ ਸੋਹਾਣਾ ਲਾਗਲੀਆਂ ਝੁੱਗੀਆਂ ਵਿਚ ਮੁਹਿੰਮ ਦਾ ਜਾਇਜ਼ਾ ਲਿਆ
5 Dariya News
ਐਸ.ਏ.ਐਸ. ਨਗਰ (ਮੋਹਾਲੀ) 01-Nov-2020
ਤਿੰਨ ਰੋਜ਼ਾ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਸ.ਐਨ.ਆਈ.ਡੀ.) ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਵਿਚ ਪਹਿਲੇ ਦਿਨ 19,860 ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ 41,071 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ। ਉਨ੍ਹਾਂ ਦਸਿਆ ਕਿ 'ਕੋਰੋਨਾ ਵਾਇਰਸ' ਮਹਾਂਮਾਰੀ ਦੇ ਫੈਲਾਅ ਕਾਰਨ ਇਸ ਮੁਹਿੰਮ ਤਹਿਤ ਸਿਰਫ਼ ਉੱਚ ਜੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਖੇਤਰ ਹੀ ਕਵਰ ਕੀਤੇ ਜਾਣਗੇ।ਡਾ. ਜੀ. ਬੀ. ਸਿੰਘ ਨੇ ਖ਼ੁਦ ਸੋਹਾਣਾ ਲਾਗੇ ਪੈਂਦੀਆਂ ਝੁੱਗੀਆਂ ਵਿਚ ਜਾ ਕੇ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਜਿਹੜੇ ਵੀ ਬੱਚੇ ਨੂੰ ਵੇਖਿਆ, ਉਸ ਨੂੰ ਦਵਾਈ ਪਿਲਾਈ ਹੋਈ ਸੀ। ਡਾ. ਜੀ. ਬੀ. ਸਿੰਘ ਨੇ ਪੋਲੀਓ ਮੁਹਿੰਮ ਨੂੰ ਨੇਪਰੇ ਚਾੜ੍ਹਨ ਵਿਚ ਲੱਗੀਆਂ ਆਸ਼ਾ ਵਰਕਰਾਂ, ਮਲਟੀਪਰਪਜ਼ ਹੈਲਥ ਵਰਕਰਾਂ, ਡਾਕਟਰਾਂ, ਵਲੰਟੀਅਰਾਂ ਤੇ ਹੋਰ ਸਿਹਤ ਕਾਮਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨਾ ਜਰੇਵਾਲ ਨੇ ਦਸਿਆ ਕਿ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਜ਼ਿਲ੍ਹਾ ਭਰ ਵਿਚ ਕੁਲ 354 ਟੀਮਾਂ ਬਣਾਈਆਂ ਗਈਆਂ ਹਨ ਜਿਹੜੀਆਂ ਕੁਲ 113241 ਘਰਾਂ ਵਿਚ ਫੇਰੀ ਪਾਉਣਗੀਆਂ। ਮੁਹਿੰਮ ਦੀ ਨਿਗਰਾਨੀ ਕਰਨ ਵਾਲੇ ਸੁਪਰਵਾਇਜ਼ਰਾਂ ਦੀ ਗਿਣਤੀ 50 ਹੈ ਜਦਕਿ ਵੈਕਸੀਨੇਟਰਾਂ ਦੀ ਗਿਣਤੀ 708 ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਕਾਇਮ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ 'ਤੇ ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ, ਡੀ.ਐਚ.ਓ. ਡਾ. ਸੁਭਾਸ਼ ਕੁਮਾਰ ਨੇ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਜ਼ਰੂਰੀ ਹਦਾਇਤਾਂ ਦਿਤੀਆਂ।