ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਲਮੀਕਿ ਜੈਅੰਤੀ ਦੇ ਮੌਕੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ
ਰਾਮ ਤੀਰਥ ਆਈ.ਟੀ.ਆਈ. ਦਾ ਉਦਘਾਟਨ, ਤੀਰਥ ਸਥਲ ਵਿਖੇ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ
5 Dariya News
ਅੰਮ੍ਰਿਤਸਰ 31-Oct-2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਵਾਲਮੀਕਿ ਦਿਵਸ ਮੌਕੇ ਰਾਮਤੀਰਥ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਰਾਜ ਭਰ ਵਿਚ ਦਲਿਤ ਵਿਦਿਆਰਥੀਆਂ ਲਈ ਡਾ. ਬੀ.ਆਰ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ। ਇੰਟਰਨੈਟ ਮੌਕੇ ਸੰਗਤਾਂ ਵਿਚ ਹਾਜ਼ਰੀ ਲਗਵਾਉਂਦੇ ਮੁੱਖ ਮੰਤਰੀ ਨੇ ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ।ਜਿਸ ਵਿਚ ਰਾਮ ਤੀਰਥ ਵਿਖੇ ਇੱਕ ਨਵੀਂ ਆਈ.ਟੀ.ਆਈ. ਅਤੇ ਮੁਕਾਬਲੇਬਾਜ਼ੀ ਵਾਲੇ ਇਮਤਿਹਾਨਾਂ ਦੀ ਸੁਚੱਜੀ ਤਿਆਰੀ ਸਬੰਧੀ ਦਲਿਤ ਵਿਦਿਆਰਥੀਆਂ ਨੂੰ ਮਦਦ ਕਰਨ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਹਰੀ ਝੰਡੀ ਵੀ ਦਿੱਤੀ। ਇਸ ਤੋਂ ਇਲਾਵਾ ਉਨਾਂ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਮਹਾਨ ਸ਼ਖ਼ਸੀਅਤ ਦੀ ਯਾਦ ਵਿਚ ਸਾਲਾਨਾ ਛੁੱਟੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਹਰ ਵਰੇ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਸੈਮੀਨਾਰ ਵੀ ਕਰਵਾਇਆ ਜਾਵੇਗਾ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸੂਬਾਈ ਸਕਾਲਰਸ਼ਿਪ ਸਕੀਮ ਇਹ ਯਕੀਨੀ ਬਣਾਏਗੀ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀ ਮੁਫ਼ਤ ਸਿੱਖਿਆ ਹਾਸਲ ਕਰ ਸਕਣ ਜਿਸ ਤੋਂ ਕੇ ਭਾਰਤ ਸਰਕਾਰ ਨੇ ਸੂਬੇ ਨੂੰ 800 ਕਰੋੜ ਰੁਪਏ ਦੀ ਕੇਂਦਰੀ ਮਦਦ ਬੇਇਨਸਾਫੀ ਭਰੇ ਢੰਗ ਨਾਲ ਬੰਦ ਕਰਕੇ ਉਨਾਂ ਨੂੰ ਮਹਿਰੂਮ ਕਰ ਦਿੱਤਾ ਸੀ। ਉਨਾਂ ਅੱਗੇ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਕੇਂਦਰ ਸਰਕਾਰ ਵੱਲੋਂ ਬਿਨਾਂ ਕਿਸੇ ਵਿੱਤੀ ਮਦਦ ਦੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਐਸ.ਸੀ. ਵਿਦਿਆਰਥੀਆਂ ਨੂੰ ਫੀਸ ਵਿਚ 100 ਫੀਸਦੀ ਛੋਟ ਮਿਲੇਗੀ ਜਿਸ ਨਾਲ ਉਨਾਂ ਨੂੰ 550 ਕਰੋੜ ਰੁਪਏ ਦੀ ਬਚਤ ਹੋਵੇਗੀ।ਇਹ ਸਕੀਮ ਜੋ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 3 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਹਰ ਵਰੇ ਲਾਭ ਦੇਵੇਗੀ, ਵਿਚ ਵਿਦਿਆਰਥੀਆਂ ਦੁਆਰਾ ਸਰਕਾਰੀ/ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਸਥਾਵਾਂ ਵੱਲੋਂ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਿੱਧੀ ਸਬਸਿਡੀ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ।
ਭਗਵਾਨ ਵਾਲਮੀਕਿ ਤੀਰਥ ਸਥਲ ਦੇ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਵਿਚ ਮਹਾਂਰਿਸ਼ੀ ਵਾਲਮੀਕਿ ਸਬੰਧੀ ਇਕ ਪੈਨੋਰਾਮਾ (25-30 ਕਰੋੜ ਰੁਪਏ), ਬਾਹਰੀ ਕੰਧ ਉੱਤੇ ਲਾਈਟਾਂ ਲਾਉਣਾ (10.9 ਕਰੋੜ ਰੁਪਏ), ਸਰੋਵਰ ਲਈ ਫਿਲਟਰੇਸ਼ਨ ਪਲਾਂਟ (4.75 ਕਰੋੜ ਰੁਪਏ), ਸਰਾਏ ਲਈ ਫਰਨੀਚਰ (2 ਕਰੋੜ ਰੁਪਏ) ਅਤੇ ਇੱਕ ਪਰਕਰਮਾ ਦੀ ਉਸਾਰੀ (1.3 ਕਰੋੜ ਰੁਪਏ) ਸ਼ਾਮਲ ਹੋਣਗੇ।ਆਈ.ਟੀ.ਆਈ. ਦੇ ਰਾਮ ਤੀਰਥ ਵਿਖੇ ਆਰਜੀ ਕੈਂਪਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾਨ ਨਾਲ ਨੌਜਵਾਨ ਵਰਗ ਲਈ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਉਨਾਂ ਅੱਗੇ ਕਿਹਾ ਕਿ ਇਸ ਸੰਸਥਾਨ ਵਿਚ ਹੁਣ ਤੱਕ 90 ਸਿੱਖਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਜਦੋਂ ਅਗਲੇ ਵਰੇ ਤੱਕ ਇਸ ਇਮਾਰਤ ਦਾ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਦੀ ਖਰੀਦ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵਧ ਕੇ 240 ਹੋ ਜਾਵੇਗੀ। ਕੋਰਸਾਂ ਦੀ ਗਿਣਤੀ ਵੀ ਮੌਜੂਦਾ ਸਮੇਂ ਦੇ 4 ਤੋਂ ਵਧ ਕੇ 9 ਹੋ ਜਾਵੇਗੀ।ਇਸ ਮੌਕੇ ਸੰਬੋਧਨ ਕਰਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੰਸਥਾ ਨੂੰ ਅਤਿਆਧੁਨਿਕ ਸੁਵਿਧਾਵਾਂ ਨਾਲ ਵਿਕਸਿਤ ਕੀਤਾ ਜਾਵੇਗਾ।ਉਨਾਂ ਮੁੱਖ ਮੰਤਰੀ ਪੰਜਾਬ ਵੱਲੋਂ ਦਲਿਤ ਸਮਾਜ ਲਈ ਸ਼ੁਰੂ ਕੀਤੀਆਂ ਨਵੀਆਂ ਯੋਜਨਾਵਾਂ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਅਤੇ ਭੰਡਾਰਨ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਰਿਕ ਐਸ.ਸੀ. ਸਕਾਲਰਸ਼ਿਪ ਬੰਦ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਨੁਕਸਾਨ ਦੀ ਭਰਪਾਈ ਲਈ ਵਿਦਿਆਰਥੀਆਂ ਵਾਸਤੇ ਨਵੀਂ ਸੂਬਾਈ ਸਕੀਮ ਸ਼ੁਰੂ ਕੀਤੀ ਹੈ। ਇਸ ਮੌਕੇ ਉਨਾਂ ਨੇ ਵਾਲਮੀਕਿ ਸਮਾਜ ਉੱਤੇ ਅਧਾਰਤ ਇੱਕ ਲਘੂ ਫ਼ਿਲਮ ਵੀ ਪੇਸ਼ ਕੀਤੀ।ਇਸ ਮੌਕੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਵਲੋਂ ਸੰਤ ਸਮਾਜ ਦੇ ਮੁਖੀਆਂ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ ਤੇ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ, ਚੇਅਰਮੈਨ ਸਫਾਈ ਕਮਿਸ਼ਨ ਸ੍ਰੀ ਗੇਜਾ ਰਾਮ, ਸ੍ਰੀ ਓਮ ਪ੍ਰਕਾਸ਼ ਗੱਬਰ ਨੇ ਵੀ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਨਗਰ ਸੁਧਾਰ ਟਰਸੱਟ ਸ੍ਰੀ ਦਿਨੇਸ਼ ਬੱਸੀ, ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸਹਾਇਕ ਡਾਇਰੈਕਟਰ ਸ: ਲਖਬੀਰ ਸਿੰਘ ਸੱਭਿਆਚਾਰਕ ਵਿਭਾਗ, ਐਸ.ਐਸ.ਪੀ. ਦਿਹਾਤੀ ਸ੍ਰੀ ਧਰੁਵ ਦਹਿਆ, ਐਸ.ਡੀ.ਐਮ.ਅਜਨਾਲਾ ਸ੍ਰੀ ਦੀਪਕ ਭਾਟੀਆ, ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸ੍ਰੀਮਤੀ ਮਮਤਾ ਦੱਤਾ, ਸ: ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।