ਸ਼ਰਧਾ ਨਾਲ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ
ਭਗਵਾਨ ਵਾਲਮੀਕਿ ਦੇ ਜਨਮ ਦਿਨ ਮੌਕੇ ਡਾ: ਬੀ ਆਰ ਅੰਬੇਦਕਰ ਵਜੀਫਾ ਸਕੀਮ ਕੀਤੀ ਗਈ ਲਾਂਚ
5 Dariya News
ਫਿਰੋਜ਼ਪੁਰ 31-Oct-2020
ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਆਨ ਲਾਈਨ ਸਮਾਗਮ ਦੌਰਾਨ ਡਾ: ਬੀ ਆਰ ਅੰਬੇਦਕਰ ਵਜੀਫਾ ਸਕੀਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਇਹ ਸਮਾਗਮ ਫਿਰੋਜ਼ਪੁਰ ਜ਼ਿਲਾ ਸਦਰ ਮੁਕਾਮ ਤੋਂ ਇਲਾਵਾਂ ਜ਼ਿਲੇ ਵਿਚ ਹੋਰਨਾਂ ਥਾਂਵਾ ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਜਿੱਥੇ ਸੰਗਤਾਂ ਨੇ ਸ੍ਰੀ ਰਾਮ ਤੀਰਥ ਅੰਮ੍ਰਿਤਸਰ ਸਾਹਿਬ ਤੋਂ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਸਬੰਧੀ ਹੋਏ ਸਮਾਗਮ ਨੂੰ ਵੇਖਿਆ। ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਤੋਂ ਅਤੇ ਵੱਖ ਵੱਖ ਕੈਬਨਿਟ ਮੰਤਰੀਆਂ, ਵਿਧਾਇਕਾਂ ਨੇ ਰਾਜ ਦੇ ਵੱਖ ਵੱਖ ਸ਼ਹਿਰਾਂ ਤੋਂ ਆਨਲਾਈਨ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਰਾਮ ਤੀਰਥ ਵਿਖੇ ਹੋਣ ਵਾਲੇ 50 ਕਰੋੜ ਤੋਂ ਵੱਧ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ ਜਿਸ ਵਿਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਸਿਧਾਂਤ ਨੂੰ ਦਰਸਾਉਂਦੇ ਪਨੋਰਮਾ ਦਾ ਨਿਰਮਾਣ ਵੀ ਕੀਤਾ ਜਾਵੇਗਾ।ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਵੀ ਕੀਤੀ। ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਿੱਚ ਕਾਫੀ ਮੱਦਦ ਮਿਲੇਗੀ।ਇਸ ਸਬੰਧੀ ਡਿਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਦੀ ਪੜਾਈ ਲਈ ਵਜੀਫਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਇਸ ਤੇ ਪੰਜਾਬ ਸਰਕਾਰ 550 ਕਰੋੜ ਰੁਪਏ ਖਰਚ ਕਰੇਗੀ ਅਤੇ ਰਾਜ ਦੇ 3 ਲੱਖ ਤੋਂ ਵੱਧ ਐਸ.ਸੀ. ਵਿਦਿਆਰਥੀਆਂ ਨੂੰ ਇਸਦਾ ਲਾਭ ਹੋਵੇਗਾ। ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਸਕੀਮ ਤਹਿਤ ਲਾਭ ਲੈਣ ਲਈ ਮਾਪਿਆਂ ਦੀ ਆਮਦਨ ਦੀ ਹੱਦ ਵੀ 2.5 ਲੱਖ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਹੈ। ਇਸ ਤਹਿਤ ਸਰਕਾਰੀ ਅਤੇ ਨਿੱਜੀ ਵਿਦਿਅਕ ਅਦਾਰਿਆਂ ਵਿਚ ਪੜਨ ਵਾਲੇ ਵਿਦਿਆਰਥੀ ਲਾਭ ਲੈ ਸਕਣਗੇ। ਫਿਰੋਜ਼ਪੁਰ ਸ਼ਹਿਰ ਵਾਲਮਿਕੀ ਚੌਕ ਨੇੜੇ ਹੋਏ ਇਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਡਾ. ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ 5 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ।ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ, ਕਾਂਗਰਸੀ ਆਗੂ ਸ੍ਰੀ ਹਰਿੰਦਰ ਸਿੰਘ ਖੋਸਾ, ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾਂ ਅਤੇ ਘੱਟ ਅਫ਼ਸਰ ਸ. ਸੁਖਜੀਤ ਸਿੰਘ, ਬਲਬੀਰ ਬਾਠ, ਪ੍ਰਿੰਸ ਭਾਊ, ਜਗਜੀਤ ਸਿੰਘ ਆਦਿ ਹਾਜ਼ਰ ਸਨ।