ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਵਿਖੇ ਡਾ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ
5 ਵਿਦਿਆਰਥੀਆਂ ਨੂੰ ਸਕੀਮ ਤਹਿਤ ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਸੌਂਪੇ
5 Dariya News
ਕਪੂਰਥਲਾ 31-Oct-2020
ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਸਹੂਲਤ ਲਈ 'ਡਾ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਯੋਜਨਾ' ਦੀ ਕਪੂਰਥਲਾ ਵਿਖੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਸ਼ੁਰੂਆਤ ਕੀਤੀ ਗਈ।ਸ਼੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਯੋਜਨਾ ਨੂੰ ਆਨਲਾਇਨ ਸ਼ੁਰੂ ਕਰਨ ਸਬੰਧੀ ਹੋਏ ਸਮਾਗਮ ਵਿਚ ਸ਼ਿਰਕਤ ਕੀਤੀ । ਇਸ ਤੋਂ ਬਾਅਦ ਉਨਾਂ ਇਸ ਯੋਜਨਾ ਤਹਿਤ 12 ਵੀਂ ਜਮਾਤ ਦੇ 5 ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਸਰਟੀਫਿਕੇਟ ਸੌਪਕੇ ਉਨਾਂ ਦੀ ਰਜਿਸਟ੍ਰੇਸ਼ਨ ਕੀਤੀ।ਸਥਾਨਕ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਹੋਏ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ ਪੀ ਆਂਗਰਾ ਨੇ ਸ਼ਿਰਕਤ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਦੀ ਭਲਾਈ ਲਈ ਇਸ ਯੋਜਨਾ ਤਹਿਤ ਆਮਦਨ ਦਾ ਦਾਇਰਾ ਵੀ 4 ਲੱਖ ਰੁਪੈ ਸਾਲਾਨਾ ਤੱਕ ਕਰ ਦਿੱਤਾ ਹੈ, ਜਿਸ ਨਾਲ ਹੋਰ ਵਧੇਰੇ ਵਿਦਿਆਰਥੀ ਇਸ ਤਹਿਤ ਲਾਭ ਲੈ ਸਕਣਗੇ। ਇਹ ਯੋਜਨਾ ਸ਼ੈਸ਼ਨ 2020-21 ਤੋਂ ਲਾਗੂ ਹੈ ਅਤੇ ਇਸ ਯੋਜਨਾ ਤਹਿਤ ਕੇਂਦਰ ਦੇ ਪੰਜਾਬ , ਚੰਡੀਗੜ ਦੇ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰੇ ਕਵਰ ਹੋਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ 12 ਵੀਂ ਜਮਾਤ ਦੀਆਂ 5 ਵਿਦਿਆਰਥਣਾਂ ਨੂੰ ਮੌਕੇ 'ਤੇ ਪੋਸਟ ਮੈਟਰਿਕ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੇ ਸਰਟੀਫਿਕੇਟ ਵੀ ਸੌਂਪੇ। ਡਿਪਟੀ ਕਮਿਸ਼ਨਰ ਨੇ ਭਲਾਈ ਵਿਭਾਗ ਤੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਇਸ ਨਵੀਂ ਯੋਜਨਾ ਸਬੰਧੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ। ਜਿਲਾ ਭਲਾਈ ਅਫਸਰ ਜਗਦੇਵ ਸਿੰਘ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵਲੋਂ ਜ਼ਮੀਨੀ ਪੱਧਰ 'ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਅਧਿਕਾਰੀ ਵੀ ਤਾਇਨਾਤ ਕੀਤੇ ਜਾ ਰਹੇ ਹਨ।ਇਸ ਮੌਕੇ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ ਤੇ ਸਥਾਨਕ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਤਰਫੋਂ ਸ. ਅਮਰਜੀਤ ਸਿੰਘ ਸੈਦੋਵਾਲ, ਡੀ.ਡੀ.ਪੀ.ਓ. ਲਖਵਿੰਦਰ ਸਿੰਘ,ਡੀ.ਐਸ.ਪੀ. ਸੰਦੀਪ ਸਿੰਘ ਮੰਡ, ਉਪ ਜਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਹਾਜ਼ਰ ਸਨ।