ਚਨਾਲੋਂ ਫੋਕਲ ਪੁਆਇੰਟ ਵਿਖੇ ਹੁਣ ਸਫ਼ਰ ਵਿੱਚ ਨਹੀਂ ਆਵੇਗੀ ਦਿੱਕਤ
ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਦਾ ਕੰਮ ਮਾਰਚ 2021 ਹੋ ਜਾਵੇਗਾ ਮੁਕੰਮਲ : ਮਨੀਸ਼ ਤਿਵਾੜੀ
5 Dariya News
ਕੁਰਾਲੀ 28-Oct-2020
ਚਨਾਲੋਂ ਫੋਕਲ ਪੁਆਇੰਟ ਵਿਖੇ ਹੁਣ ਸਫ਼ਰ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਬੁਨਿਆਦੀ ਢਾਂਚੇ ਦੀ ਅਪਗੇ੍ਰਡੇਸ਼ਨ ਦਾ ਕੰਮ ਮਾਰਚ 2021 ਤੱਕ ਮੁਕੰਮਲ ਹੋ ਜਾਵੇਗਾ।ਇਹ ਗੱਲ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਫੋਕਲ ਪੁਆਇੰਟ ਵਿਖੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਸਬੰਧੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਮੀਟਿੰਗ ਤੋਂ ਬਾਅਦ ਕਹੀ।ਕੰਮ ਦੀ ਰਫ਼ਤਾਰ `ਤੇ ਤਸੱਲੀ ਜ਼ਾਹਰ ਕਰਦਿਆਂ ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਲੰਬੀਆਂ ਕੰਕਰੀਟ ਦੀਆਂ ਸੜਕਾਂ ਬਣਾਉਣ `ਤੇ ਲਗਭਗ 480 ਲੱਖ ਰੁਪਏ ਦਾ ਖਰਚ ਆਵੇਗਾ ਜਦੋਂ ਕਿ ਬਾਉਂਡਰੀ ਬਣਾਉਣ, ਗਰੀਨ ਬੈਲਟ ਵਿਕਸਿਤ ਕਰਨ `ਤੇ 90 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, `ਬੇਸ਼ਕ ਮਹਾਂਮਾਰੀ ਫੈਲਣ ਕਰਕੇ ਕੰਮਕਾਜ ਪ੍ਰਭਾਵਿਤ ਹੋਇਆ ਹੈ ਪਰ ਅਧਿਕਾਰੀਆਂ ਨੇ ਤਕਰੀਬਨ ਪੰਜ ਮਹੀਨਿਆਂ ਵਿਚ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।``ਤਾਜ਼ੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਸਬੰਧੀ 107 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਟੈਂਡਰਿੰਗ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸਦੇ ਨਾਲ ਹੀ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਤੋਂ ਸੁਧਾਈ ਤੋਂ ਬਾਅਦ ਬਾਗਬਾਨੀ ਦੇ ਉਦੇਸ਼ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਲਈ ਪਾਈਪਾਂ ਪਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਜਿਸ `ਤੇ ਲਗਭਗ 70 ਲੱਖ ਰੁਪਏ ਦਾ ਖ਼ਰਚਾ ਆਇਆ ਹੈ।ਮੈਂਬਰ ਪਾਰਲੀਮੈਂਟ ਨੇ ਨਾ ਸਿਰਫ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਸਗੋਂ ਸਥਾਨਕ ਉਦਯੋਗਿਕ ਇਕਾਈਆਂ ਦੇ ਮਾਲਕਾਂ ਨਾਲ ਗੱਲਬਾਤ ਵੀ ਕੀਤੀ।
ਉਦਯੋਗਪਤੀਆਂ ਦੀ ਮੰਗ ਅਨੁਸਾਰ, ਸ੍ਰੀ ਤਿਵਾੜੀ ਨੇ ਸਬੰਧਤ ਅਧਿਕਾਰੀਆਂ ਨੂੰ ਫੋਕਲ ਪੁਆਇੰਟ ਖੇਤਰ 'ਚ ਐਲ.ਈ.ਡੀ ਸਟ੍ਰੀਟ ਲਾਈਟਾਂ ਲਗਾਉਣ ਨੂੰ ਚੱਲ ਰਹੇ ਨਵੀਨੀਕਰਣ ਕਾਰਜਾਂ ਵਿਚ ਸ਼ਾਮਲ ਕਰਨ ਅਤੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਲਈ ਕਿਹਾ।ਇਸ ਤੋਂ ਪਹਿਲਾਂ ਸੰਸਦ ਮੈਂਬਰ ਨੇ ਬਡਾਲੀ ਰੋਡ ਕੁਰਾਲੀ, ਤਹਿਸੀਲ ਖਰੜ ਵਿੱਚ ਕੱਚੀ ਮੰਡੀ ਦਾ ਦੌਰਾ ਕੀਤਾ। ਖਰੀਦ ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਮੇਂ ਸਿਰ ਚੁੱਕਾਈ ਨੂੰ ਯਕੀਨੀ ਬਣਾਉਣ ਤਾਂ ਜੋ ਮਾਰਕੀਟ ਵਿਚ ਭੀੜ ਤੋਂ ਬਚਿਆ ਜਾ ਸਕੇ ਅਤੇ ਕਿਸਾਨਾਂ ਦੀ ਫਸਲ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡਸਟਰੀ ਐਸੋਸੀਏਸ਼ਨ ਫੋਕਲ ਪੁਆਇੰਟ ਚਨਾਲੋਂ ਦੇ ਮੈਂਬਰ ਰਮੇਸ਼ ਭੋਗਲ, ਬਲਵੰਤ ਸਿੰਘ, ਏ.ਆਰ.ਚੌਧਰੀ, ਰਣਜੀਤ ਸਿੰਘ, ਅਮਰੀਕ ਸਿੰਘ, ਯਾਦਵਿੰਦਰ ਸਿੰਘ ਕੰਗ ਸੀਨੀਅਰ ਵਾਇਸ ਚੇਅਰਮੈਨ ਇੰਫੋਟੈਕ, ਰਵਿੰਦਰ ਪਾਲ ਸਿੰਘ ਪਾਲੀ ਚੇਅਰਮੈਨ, ਪਵਨ ਦੀਵਾਨ ਚੇਅਰਮੈਨ, ਪੰਜਾਬ ਵਿਸ਼ਾਲ ਉਦਯੋਗਿਕ ਵਿਕਾਸ ਬੋਰਡ, ਕਮਲਦੀਪ ਸੈਣੀ ਚੇਅਰਮੈਨ, ਕਮਲਜੀਤ ਚਾਵਲਾ ਵਾਈਸ ਚੇਅਰਮੈਨ, ਜਸਵਿੰਦਰ ਸਿੰਘ ਸਾਬਕਾ ਪ੍ਰਧਾਨ ਐਮਸੀ ਕੁਰਾਲੀ, ਭਦੂਰ ਸਿੰਘ ਸਾਬਕਾ ਐਮਸੀ, ਰਾਕੇਸ਼ ਕਾਲੀਆ ਸਕੱਤਰ ਪੀਪੀਸੀਸੀ, ਪਰਦੀਪ ਸਾਬਕਾ ਐਮਸੀ, ਪੀਐਸਆਈਈਸੀ, ਨੰਦੀਪਾਲ ਬਾਂਸਲ ਪ੍ਰਧਾਨ ਸਿਟੀ ਕਾਂਗਰਸ, ਕਿਰਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਵਿਜੇ ਸ਼ਰਮ ਟਿੰਕੂ ਚੇਅਰਮੈਨ ਯੋਜਨਾਬੰਦੀ ਬੋਰਡ ਮੁਹਾਲੀ, ਕੰਵਲਜੀਤ ਚਾਵਲਾ, ਰਾਕੇਸ਼ ਕਾਲੀਆ, ਜੀਤੀ ਪਡਿਆਲਾ, ਅਤੇ ਰਮਾਕਾਂਤ ਕਾਲੀਆ ਮੌਜੂਦ ਸਨ।