ਆਰਥਿਕ ਰੁਕਾਵਟਾਂ ਦੇ ਬਾਵਜੂਦ ਵਿਦਿਅਕ ਖੇਤਰ ’ਚ ਚਮਕਿਆ ‘ਸੂਰਜ’
ਡਿਪਟੀ ਕਮਿਸ਼ਨਰ ਵੱਲੋਂ ਨਵੋਦਿਆ ਵਿਦਿਆਲਯ ਪੜ੍ਹਦੇ ਸੂਰਜ ਤੇ ਮਨਪ੍ਰੀਤ ਦਾ ਸਨਮਾਨ
5 Dariya News
ਬਰਨਾਲਾ 27-Oct-2020
ਮੂਲ ਰੂਪ ਵਿਚ ਯੂਪੀ ਨਾਲ ਸਬੰਧਤ ਹੰਡਿਆਇਆ ਦੇ ਕੋਠੇ ਸਰਾਂ ਵਾਸੀ ਪਰਿਵਾਰ ਦੇ ਹੋਣਹਾਰ ਲੜਕੇ ਆਰਥਿਕ ਰੁਕਾਵਟਾਂ ਦੇ ਬਾਵਜੂਦ ਪੜ੍ਹਾਈ ’ਚ ਚਮਕੇ ਹਨ। ਹਿੱਸੇ ’ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਸਰਵੇਸ਼ ਕੁਮਾਰ ਦੇ ਦੋ ਲੜਕਿਆਂ ਨੇ ਨਵੋਦਿਆ ਪ੍ਰੀਖਿਆ ਪਾਸ ਕਰ ਕੇ ਛੇਵੀਂ ਅਤੇ ਨੌਵੀਂ ਵਿੱਚ ਦਾਖਲਾ ਲਿਆ ਹੈ, ਜਿਸ ਬਦਲੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਦੋਵਾਂ ਲੜਕਿਆਂ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਸਰਵੇਸ਼ ਕੁਮਾਰ ਦੇ ਬੱਚਿਆਂ ਸੂਰਜ ਅਤੇ ਮਨਪ੍ਰੀਤ ਦਾ ਸਨਮਾਨ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹੰਡਿਆਇਆ ਵਾਸੀ ਦੋਵਾਂ ਲੜਕਿਆਂ ਸੂਰਜ ਅਤੇ ਮਨਪ੍ਰੀਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਸੂਰਜ ਦਾ ਨੌਵੀਂ ਅਤੇ ਮਨਪ੍ਰੀਤ ਦਾ ਛੇਵੀਂ ਵਿੱਚ ਜਵਾਹਰ ਨਵੋਦਿਆ ਵਿਦਿਆਲਯ, ਢਿੱਲਵਾਂ ਵਿਚ ਦਾਖਲਾ ਹੋਇਆ ਹੈ ਅਤੇ ਸੂਰਜ ਵੱਲੋਂ ਪੀਐਸਟੀਐਸਈ (ਪੰਜਾਬ ਸਟੇਟ ਟੇਲੈਂਟ ਸਰਚ ਐਗਜ਼ਾਮ) ਤੇ ਐਨਐਮਐਮਐਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ) ਜਿਹੀਆਂ ਵਜ਼ੀਫੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਵੱਲੋਂ ਦੋਵਾਂ ਲੜਕਿਆਂ ਨੂੰ ਹੱਲਾਸ਼ੇਰੀ ਦੇਣ ਲਈ ਬੈਗ, ਸਟੇਸ਼ਨਰੀ ਤੇ ਹੋਰ ਪ੍ਰੇਰਨਾਦਾਇਕ ਕਿਤਾਬਾਂ ਇਨਾਮ ਵਜੋਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸੂਰਜ ਦੇ ਪਿਤਾ ਸਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਯੂਪੀ ਨਾਲ ਸਬੰਧਤ ਹਨ ਅਤੇ ਕੋਠੇ ਸਰਾਂ ’ਚ ਦੋ ਏਕੜ ਜ਼ਮੀਨ ਹਿੱਸੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰ ਕੇ ਘਰ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 6 ਬੱਚੇ ਹਨ, ਜਿਨ੍ਹਾਂ ’ਚੋਂ ਬੇਟੀ ਵਿਆਹੀ ਹੋਈ ਹੈ ਤੇ ਪੰਜੇ ਬੇਟੇ ਪੜ੍ਹ ਰਹੇ ਹਨ। ਵੱਡਾ ਬੇਟਾ ਅਕਾਸ਼ ਯੂਪੀ ’ਚ ਇੰਜਨੀਅਰਿੰਗ ਕਰ ਰਿਹਾ ਹੈ, ਜਦੋਂਕਿ ਸੂਰਜ ਅਤੇ ਮਨਪ੍ਰੀਤ ਜਵਾਹਰ ਨਵੋਦਿਆ ਵਿਦਿਆਲਯ ’ਚ ਹਨ। ਉਸ ਤੋਂ ਛੋਟੇ ਦੋ ਬੇਟੇ ਧਨੌਲਾ ਖੁਰਦ ਸਰਕਾਰ ਸਕੂਲ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਸਾਰੀ ਪੂੰਜੀ ਬੱਚਿਆਂ ਦੀ ਪੜ੍ਹਾਈ ’ਤੇ ਲਗਾ ਰਹੇ ਹਨ ਤਾਂ ਜੋ ਉਹ ਸਫਲ ਹੋ ਸਕਣ।ਇਸ ਮੌਕੇ ਸੂਰਜ ਨੇ ਦੱਸਿਆ ਕਿ ਉਹ ਧਨੌਲਾ ਖੁਰਦ ਸਕੂਲ ਵਿਚ ਪੜ੍ਹਿਆ ਹੈ, ਜਿੱਥੇ ਉਸ ਦੇ ਅਧਿਆਪਕਾਂ ਨੇ ਉਸ ਨੂੰ ਨਵੋਦਿਆ ਪ੍ਰੀਖਿਆ ਦੀ ਤਿਆਰੀ ਬਹੁਤ ਸ਼ਿੱਦਤ ਨਾਲ ਕਰਵਾਈ, ਜਿਸ ਲਈ ਉਹ ਅਧਿਆਪਕਾਂ ਦੇ ਬਹੁਤ ਧੰਨਵਾਦੀ ਹਨ। ਸੂਰਜ ਨੇ ਦੱਸਿਆ ਕਿ ਸਾਇੰਸ ਉਸ ਦਾ ਪਸੰਦੀਦਾ ਵਿਸ਼ਾ ਹੈ ਤੇ ਉਹ ਇਸੇ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦਾ ਹੈ, ਜਦੋਂਕਿ ਮਨਪ੍ਰੀਤ ਇੰਜਨੀਅਰਿੰਗ ਕਰਨ ਦੀ ਇੱਛਾ ਰੱਖਦਾ ਹੈ।ਇਸ ਮੌਕੇ ਜਵਾਹਰ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਲਯ ਵੱਲੋਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦਾ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ।