5 Dariya News

ਨਸ਼ਾ ਮੁਕਤ ਪੰਜਾਬ ਵਾਸਤੇ ਅਣਥੱਕ ਸੇਵਾਵਾਂ ਲਈ ਪੁਲੀਸ ਵਚਨਬੱਧ : ਆਈਜੀ ਜਤਿੰਦਰ ਔਲਖ

ਆਈਜੀ ਪਟਿਆਲਾ ਰੇਂਜ ਵੱਲੋਂ ਨਸ਼ਿਆਂ ਵਿਰੁੱਧ ਹੋਕਾ ਦਿੰਦੀਆਂ ਬਰਨਾਲਾ ਪੁਲੀਸ ਦੀਆਂ ਗੱਡੀਆਂ ਰਵਾਨਾ

5 Dariya News

ਬਰਨਾਲਾ 21-Oct-2020

ਪੰਜਾਬ ਪੁਲੀਸ ਵੱਲੋਂ ਜਿੱਥੇ ਕੋਵਿਡ ਦੌਰਾਨ ਅਣਥੱਕ ਸੇਵਾਵਾਂ ਨਿਭਾਈਆਂ ਗਈਆਂ ਹਨ, ਉਥੇ ਸੂਬੇ ਦੀ ਸੁਰੱਖਿਆ ਦੇ ਨਾਲ ਨਾਲ ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਵਾਸਤੇ ਅਣਥੱਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।ਇਹ ਪ੍ਰਗਟਾਵਾ ਬਰਨਾਲਾ ਪੁੱਜੇ ਆਈਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਆਈਪੀਐਸ ਵੱਲੋਂ ਕੀਤਾ ਗਿਆ। ਅੱਜ ਪੁਲੀਸ ਯਾਦਗਾਰੀ ਦਿਵਸ ਮੌਕੇ ਦੁਪਹਿਰ ਸਮੇਂ ਬਰਨਾਲਾ ਪੁੱਜੇ ਆਈਜੀ ਸ੍ਰੀ ਔਲਖ ਨੇ ਆਖਿਆ ਕਿ ਸਾਨੂੰ ਮਾਣ ਹੈ, ਪੁਲੀਸ ਵਿਭਾਗ ਨਾਲ ਜੁੜੇ ਉਨ੍ਹਾਂ ਯੋਧਿਆਂ ਦਾ ਜਿਨ੍ਹਾਂ ਨੇ ਖਿੜੇ ਮੱਥੇ ਦੀਨ, ਇਮਾਨ, ਅਸੂਲਾਂ ਤੇ ਡਿਊਟੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ।ਅੱਜ ਪੁਲੀਸ ਲਾਈਨ ਵਿਖੇ ‘ਤੰਦਰੁਸਤ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ’ ਸਮਾਗਮ ਕਰਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਆਈਜੀ ਪਟਿਆਆ ਰੇਂਜ ਸ. ਜਤਿੰਦਰ ਸਿੰਘ ਔਲਖ ਆਈਪੀਐਸ ਪੁੱਜੇ। ਉਨ੍ਹਾਂ ਵੱਲੋਂ ਬਰਨਾਲਾ ਪੁਲੀਸ ਵੱਲੋਂ ਤਿਆਰ ਕਰਵਾਈ ਕਿਤਾਬ ‘ਸ਼ਹਾਦਤ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿਚ ਸਾਹਿਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਤੰਦਰੁਸਤ ਪੰਜਾਬ ਨੂੰ ਸਮਰਪਿਤ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕੌਮੀ ਪੱਧਰ ’ਤੇ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਨਸ਼ਿਆਂ ਤੋਂ ਮੁਕਤ ਹੋ ਕੇ ਜਿੰਦਗੀ ਦੀ ਮੁੱਖ ਧਾਰਾ ਨਾਲ ਜੁੜਨ ਵਾਲਿਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਆਈਜੀ ਔਲਖ ਵੱਲੋਂ ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਨੂੰ ਸਮਰਪਿਤ ਬਰਨਾਲਾ ਪੁਲੀਸ ਦੀਆਂ ਵੈਨਾਂ ਰਵਾਨਾ ਕੀਤੀਆਂ ਗਈਆਂ।

ਇਸ ਤੋਂ ਪਹਿਲਾਂ ਪੁਲੀਸ ਲਾਈਨ ਵਿਖੇ ਸ੍ਰੀ ਸੰਦੀਪ ਗੋਇਲ ਐਸਐਸਪੀ ਦੀ ਅਗਵਾਈ ਹੇਠ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ।  ਇਸ ਮੌਕੇ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਇਸ ਟੁਕੜੀ ਦੀ ਅਗਵਾਈ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕੀਤੀ। ਇਸ ਮਗਰੋਂ ਐਸਪੀ (ਐਚ) ਹਰਵੰਤ ਕੌਰ ਨੇ ਸ਼ਹੀਦਾਂ ਦੇ ਨਾਮ ਪੜ੍ਹੇ।ਐਸਐਸਪੀ ਨੇ ਕਿਹਾ ਕਿ ਅੱਜ ਦਾ ਸ਼ਹੀਦੀ ਯਾਦਗਾਰੀ ਦਿਵਸ ਉਨ੍ਹਾਂ ਮਹਾਨ ਪੁਲਿਸ ਜਵਾਨਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 21 ਅਕਤੂਬਰ 1959 ਨੂੰ ਲੱਦਾਖ ਦੇ ਹਾਟ ਸਪਰਿੰਗ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਸੈਸ਼ਨ ਜੱਜ ਵਰਿੰਦਰ ਅਗਰਵਾਲ, ਵਧੀਕ ਸੈਸ਼ਨ ਜੱਜ ਬਰਜਿੰਦਰਪਾਲ ਸਿੰਘ, ਐਸਡੀਐਮ ਸ੍ਰੀ ਵਰਜੀਤ ਵਾਲੀਆ ਤੇ ਹੋਰ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ, ਜਿਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਅਧਿਕਾਰੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਅਤੇ ਦੁੱਖ-ਤਕਲੀਫਾਂ ਸੁਣੀਆਂ ਗਈਆਂ।