5 Dariya News

ਫ਼ਿਰੋਜ਼ਪੁਰ ਪੁਲਿਸ ਹਰ ਦੁੱਖ ਦੀ ਘੜੀ ਵਿੱਚ ਸ਼ਹੀਦ ਪਰਿਵਾਰਾਂ ਦੇ ਨਾਲ- ਐਸ.ਐਸ.ਪੀ. ਭੁਪਿੰਦਰ ਸਿੰਘ

ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਮੱਦੇਨਜਰ ਰੱਖਦਿਆਂ ਪੁਲੀਸ ਲਾਈਨ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ

5 Dariya News

ਫ਼ਿਰੋਜ਼ਪੁਰ 21-Oct-2020

ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਮੱਦੇਨਜਰ ਰੱਖਦਿਆਂ ਪੁਲੀਸ ਲਾਈਨ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਇਸ ਸਾਲ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਪੁਲਿਸ, ਸਿਵਲ ਪ੍ਰਸ਼ਾਸਨ ਤੇ ਜੁਡੀਸ਼ਰੀ ਦੇ ਅਧਿਕਾਰੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸ਼ਹੀਦੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ, ਐੱਸ.ਐੱਸ.ਪੀ. ਭੁਪਿੰਦਰ ਸਿੰਘ, ਸੀ.ਜੇ.ਐੱਮ. ਅਮਨਪ੍ਰੀਤ ਸਿੰਘ,ਐੱਸ.ਪੀ.ਐੱਚ. ਬਲਜੀਤ ਸਿੰਘ ਅਤੇ ਐੱਸ.ਪੀ.ਡੀ. ਮੁਖਤਿਆਰ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਸ੍ਰ. ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਦੇਖਦਿਆਂ ਇਸ ਸਾਲ ਉਨ੍ਹਾਂ ਵੱਲੋਂ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਹੀਦ ਪਰਿਵਾਰਾਂ ਦੇ ਘਰ-ਘਰ ਜਾ ਕੇ ਸਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 21 ਅਕਤੂਬਰ 1959 ਨੂੰ ਚੀਨੀਆਂ ਵਿਰੁੱਧ ਲੜਾਈ ਦੌਰਾਨ ਲੇਹ ਲੱਦਾਖ ਦੇ ਹੌਟ ਸਪਰਿੰਗ ਇਲਾਕੇ ਵਿਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇੱਕ ਟੁਕੜੀ ਤੇ ਚੀਨੀਆਂ ਵੱਲੋਂ ਅਚਾਨਕ ਘਾਤ ਲਗਾ ਕੇ ਹਮਲਾ ਕੀਤਾ ਗਿਆ। ਜਿਸ ਵਿਚ ਭਾਰਤੀ ਪੁਲੀਸ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਅੱਜ ਦਾ ਦਿਨ ਪੁਲਿਸ ਸਮ੍ਰਿਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁੱਲ 1784 ਪੁਲੀਸ ਅਧਿਕਾਰੀ/ਕਰਮਚਾਰੀ ਸ਼ਹੀਦ ਹੋਏ ਸਨ ਜਿਨ੍ਹਾਂ ਵਿਚ ਡੀ.ਆਈ.ਜੀ-2, ਐਸ.ਐਸ.ਪੀ-3, ਐਸ.ਪੀ-4, ਡੀ.ਐਸ.ਪੀ-12, ਇੰਸਪੈਕਟਰ-32, ਸਬ ਇੰਸਪੈਕਟਰ-61, ਅਸਿਸਟੈਂਟ ਸਬ-ਇੰਸਪੈਕਟਰ-111, ਹੌਲਦਾਰ-268, ਸਿਪਾਹੀ-817, ਹੋਮ ਗਾਰਡਜ਼ ਵਲੰਟੀਅਰ-294 ਅਤੇ ਐਸ.ਪੀ.ਓਜ਼-180 ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਸਨ। 

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 45 ਕਰਮਚਾਰੀ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਵਿਚੋਂ ਸਬ ਇੰਸਪੈਕਟਰ-1, ਏ.ਐਸ.ਆਈਜ਼-4, ਐੱਚ.ਸੀਜ਼-11, ਸਿਪਾਹੀ-8, ਐੱਸ.ਪੀ.ਓਜ਼-5 ਅਤੇ ਪੀ.ਐੱਸ.ਜੀ-16 ਹਨ। ਉਨ੍ਹਾਂ ਕਿਹਾ ਕਿ  ਸਾਨੂੰ ਇਨ੍ਹਾਂ ਸ਼ਹੀਦਾਂ ਤੇ ਪੂਰਾ ਮਾਨ ਹੈ ਅਤੇ ਸਦਾ ਰਹੇਗਾ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹਨ ਮੈਂ ਇਨ੍ਹਾਂ ਸ਼ਹੀਦਾਂ ਨੂੰ ਦਿਲ ਤੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਾ ਸਾਡਾ ਫਰਜ਼ ਹੈ।ਇਸ ਤੋਂ ਪਹਿਲਾ ਐੱਸ.ਪੀ.ਐੱਚ ਬਲਬੀਰ ਸਿੰਘ ਵੱਲੋਂ ਦੇਸ਼ ਦੀਆਂ ਵੱਖ ਵੱਖ ਸੁਰੱਖਿਆ ਫੋਰਸਾਂ ਦੇ ਸ਼ਹੀਦ ਹੋਏ ਅਫ਼ਸਰਾਂ ਅਤੇ ਜਵਾਨਾਂ ਦੇ ਨਾਮਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਪੁਲਿਸ ਤੇ ਜੁਡੀਸ਼ਰੀ  ਦੇ ਅਧਿਕਾਰੀਆਂ ਵੱਲੋਂ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਡੀ.ਐੱਸ.ਪੀ. ਹੈੱਡਕੁਆਰਟਰ ਸ੍ਰ. ਕਰਨਸ਼ੇਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੁਲੀਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਡੀ. ਐੱਸ.ਪੀ. ਜਗਦੀਸ ਕੁਮਾਰ, ਕ੍ਰਿਸਨ ਕੁਮਾਰ, ਸਤਨਾਮ ਸਿੰਘ, ਗੁਰਦੀਪ ਸਿੰਘ, ਰਾਜਦੀਪ ਸਿੰਘ, ਬਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿਵਲ, ਹੋਮ ਗਾਰਡਜ਼ ਤੇ ਪੁਲੀਸ ਅਧਿਕਾਰੀ ਮੌਜੂਦ ਸਨ।