ਕੋਰੋਨਾ ਮਹਾਂਮਾਰੀ ਦੌਰਾਨ ਪਟਿਆਲਾ ਪੁਲਿਸ ਵੱਲੋਂ ਭੂਮਿਕਾ ਸ਼ਲਾਘਾਯੋਗ : ਆਈ.ਜੀ. ਔਲਖ
ਪਟਿਆਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ
5 Dariya News
ਪਟਿਆਲਾ 21-Oct-2020
ਪਟਿਆਲਾ ਪੁਲਿਸ ਵੱਲੋਂ ਅੱਜ ਇੱਥੇ ਪੁਲਿਸ ਲਾਈਨ ਵਿਖੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਦੀ ਅਗਵਾਈ ਅਤੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੀ ਦੇਖ-ਰੇਖ ਹੇਠ ਮਨਾਏ ਗਏ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਦੇਸ਼ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਨਾਲ ਸਬੰਧਤ ਜਾਂਬਾਜ਼ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਭਵਿੱਖ 'ਚ ਕਿਸੇ ਵੀ ਮੁਸੀਬਤ ਦਾ ਸਾਹਮਣਾ ਡੱਟ ਕੇ ਕਰਨ, ਦੇਸ਼ ਦੀ ਆਨ ਅਤੇ ਸ਼ਾਨ ਦੀ ਖਾਤਰ ਹਰ ਕੁਰਬਾਨੀ ਕਰਨ ਦਾ ਨਿਸ਼ਚਾ ਕਰਨ ਅਤੇ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।ਸ. ਔਲਖ ਨੇ ਮੌਜੂਦਾ ਕੋਵਿਡ-19 ਮਹਾਂਮਾਰੀ ਦੇ ਦੌਰ ਦੌਰਾਨ ਪਟਿਆਲਾ ਪੁਲਿਸ ਵੱਲੋਂ ਨਿਭਾਈ ਗਈ ਭੂਮਿਕਾ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਦੇ ਸਾਡੇ ਕੋਰੋਨਾ ਯੋਧਿਆਂ ਨੇ ਆਪਣੀ ਡਿਊਟੀ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਦਿਨ-ਰਾਤ ਇੱਕ ਕਰਕੇ ਲੋੜਵੰਦਾਂ ਦੀ ਮਦਦ ਕੀਤੀ, ਖਾਸ ਕਰਕੇ ਪ੍ਰਵਾਸੀ ਮਜਦੂਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ ਲੱਖਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ 'ਚ ਮਦਦ ਕੀਤੀ।ਆਈ.ਜੀ. ਨੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਵੱਲੋਂ ਪਟਿਆਲਾ ਪੁਲਿਸ ਦੇ ਕੋਰੋਨਾ ਮਹਾਂਮਾਰੀ ਕਰਕੇ ਜਾਨਾਂ ਗਵਾਉਣ ਵਾਲੇ ਯੋਧਿਆਂ ਦੇ ਪਰਿਵਾਰ ਦੀ ਮਦਦ ਕਰਨ ਲਈ ਕਾਇਮ ਕੀਤੇ ਪੁਲਿਸ ਏਕਤਾ ਫੰਡ ਦੀ ਵੀ ਭਰਵੀਂ ਸ਼ਲਾਘਾ ਕੀਤੀ।ਆਈ.ਜੀ. ਸ. ਔਲਖ ਨੇ ਸਮੂਹ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ ਯੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਲੱਦਾਖ ਦੇ ਖੇਤਰ ਹਾਟ ਸਪਰਿੰਗ ਵਿਖੇ ਐਸ.ਆਈ. ਕਰਮ ਸਿੰਘ ਦੀ ਅਗਵਾਈ ਵਿੱਚ ਸਰਹੱਦਾਂ ਦੀ ਰਾਖੀ ਕਰ ਰਹੀ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ 'ਤੇ ਚੀਨੀ ਫੌਜਾਂ ਵੱਲੋਂ ਕੀਤੇ ਅਚਾਨਕ ਹਮਲੇ ਕਾਰਨ ਸ਼ਹੀਦ ਹੋਏ 10 ਜਵਾਨਾਂ ਦੀ ਯਾਦ 'ਚ ਦੇਸ਼ ਭਰ 'ਚ 21 ਅਕਤੂਬਰ ਦਾ ਦਿਨ ਸ਼ਹੀਦੀ ਯਾਦਗਾਰ ਵਜੋਂ ਮਨਾਇਆ ਜਾਂਦਾ ਹੈ।
ਇਸ ਤੋਂ ਪਹਿਲਾਂ ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਪਰੇਡ ਕਮਾਂਡਰ ਏ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ (ਆਈ.ਪੀ.ਐਸ. ਟ੍ਰੇਨੀ) ਦੀ ਅਗਵਾਈ ਹੇਠਲੀ ਟੁਕੜੀ ਤੋਂ ਸਲਾਮੀ ਲਈ ਅਤੇ ਇਸੇ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਅਤੇ ਸਾਰਿਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਦੇ ਫਰਜ਼ ਨਿਭਾਉਂਦਿਆਂ ਸ਼ਹਾਦਤਾਂ ਦੇਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ 'ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਮਾਣ ਹੈ। ਸ੍ਰੀ ਦੁੱਗਲ ਨੇ ਕਿਹਾ ਕਿ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਲਈ ਭਵਿੱਖ 'ਚ ਵੀ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਐਸ.ਐਸ.ਪੀ. ਨੇ ਇਸ ਸਮਾਗਮ ਵਿੱਚ ਪੁੱਜੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।ਸਮਾਗਮ ਦੌਰਾਨ ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ ਨੇ ਇੱਕ ਸਤੰਬਰ 2019 ਤੋਂ 31 ਅਗਸਤ 2020 ਤੱਕ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਉਪਰੰਤ ਆਈ.ਜੀ. ਸ਼੍ਰੀ ਜਤਿੰਦਰ ਸਿੰਘ ਔਲਖ, ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਰਜਿੰਦਰ ਅਗਰਵਾਲ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ, ਵਧੀਕ ਸ਼ੈਸਨ ਜੱਜ ਸ੍ਰੀ ਸ਼ਿਵ ਮੋਹਨ ਗਰਗ, ਐਸ.ਡੀ.ਐਮ. ਚਰਨਜੀਤ ਸਿੰਘ ਅਰੋੜਾ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਪੀ.ਬੀ.ਆਈ. ਡਾ. ਸਿਮਰਤ ਕੌਰ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਪਲਵਿੰਦਰ ਸਿੰਘ ਚੀਮਾ, ਸਮੂਹ ਡੀ.ਐਸ.ਪੀਜ ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ, ਸੇਵਾ ਮੁਕਤ ਐਸ.ਪੀ. ਸ. ਮਨਜੀਤ ਸਿੰਘ ਬਰਾੜ, ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ, ਸਰਪ੍ਰਸਤ ਸ. ਸਮਸ਼ੇਰ ਸਿੰਘ ਗੁੱਡੂ ਆਦਿ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼ਹੀਦੀ ਯਾਦਗਾਰ ਅਤੇ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।