5 Dariya News

ਖੂਨਦਾਨ ਕੈਂਪ ਦੌਰਾਨ 92 ਯੂਨਿਟ ਖੂਨ ਕੀਤਾ ਇਕੱਤਰ

ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ ਨੇ ਖੂਨਦਾਨ ਕੈਂਪ ਦਾ ਕੀਤਾ ਰਸਮੀ ਉਦਘਾਟਨ

5 Dariya News

ਐਸ.ਏ.ਐਸ ਨਗਰ 21-Oct-2020

ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ  ਕੋਵਿਡ 19 ਦੇ  ਚਲਦਿਆਂ ਨਿਰੰਕਾਰੀ ਭਵਨ, ਫੇਜ-6, ਐਸ.ਏ.ਐਸ ਨਗਰ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ । ਕੈਂਪ ਦੀ ਰਸਮੀ ਸ਼ੁਰੂਆਤ  ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਰਾਨਾ ਮਹਾਂਮਾਰੀ ਦੇ ਕਾਰਣ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਨਾ ਆਵੇ ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਇਸ ਤੋਂ ਵੱਧਕੇ ਕੋਈ ਦਾਨ ਨਹੀ ਹੁੰਦਾ ।ਖੂਨ ਭਾਂਵੇਂ ਸਾਡੀ ਖਾਦੀ ਖੁਰਾਕ ਵਿੱਚੋਂ ਬਣਦਾ ਹੈ ਪਰ ਇਹ ਕੁਦਰਤ ਦੀ ਬਖਸ਼ ਹੁੰਦੀ ਹੈ ਕਿਉਂਕਿ ਇਕ ਤੰਦਰੁਸਤ ਮਨੁੱਖ ਵਿੱਚ ਹੀ ਪੂਰੀ ਮਾਤਰਾ ਵਿੱਚ ਖੂਨ ਬਣਦਾ ਹੈ ਜੋ ਦਾਨ ਕਰਨ ਯੋਗ  ਹੋ ਸਕਦਾ ਹੈ । ਬਾਕੀ ਪਦਾਰਥਾਂ ਦੇ ਦਾਨ ਅਸੀਂ ਆਪਣੀ ਕਿਰਤ ਕਮਾਈ ਵਿੱਚੋਂ ਕਰਦੇ ਹਾਂ ਕਮਾਈ ਨੂੰ ਮਿਹਨਤ ਨਾਲ ਵਧਾਇਆ ਜਾ ਸਕਦਾ ਹੈ।ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਕਮਲੇਸ਼ ਕੌਸ਼ਲ ਵੱਲੋਂ ਰੈਡ ਕਰਾਸ ਵਲੋਂ ਇੱਕਤਰ ਹੋਏ ਲੋਕਾਂ ਨੂੰ ਕੋਵਿਡ-19 ਤੋਂ ਬਚਣ ਸਬੰਧੀ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਸਮਝਾਇਆ ਕਿ ਇਸ ਕੋਵਿਡ-19 ਤੋਂ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਕੋਰਾਨਾ ਮਹਾਂਮਾਰੀ ਦੀ ਕੋਈ ਦਵਾਈ ਨਾ ਹੋਣ ਕਾਰਨ ਇਸ ਸਮੇਂ ਬਚਾਓ ਹੀ ਦਵਾਈ ਹੈ। ਲੋਕਾਂ ਨੂੰ ਇਹ ਵੀ ਸ਼ੰਦੇਸ਼ ਦਿੱਤਾ ਗਿਆ ਕਿ ਰੈਡ ਕਰਾਸ ਸੁਸਾਇਟੀ ਵਲੋਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਹ ਸਾਰੇ ਆਮ ਜਨਤਾ ਵਲੋਂ ਦਿੱਤੇ ਗਏ ਸਹਿਯੋਗ/ਡੋਨੇਸ਼ਨ ਨਾਲ ਹੀ ਨੇਪਰੇ ਚਾੜ੍ਹੇ ਜਾ ਸਕਦੇ ਹਨ। ਇਸ ਸਮੇਂ ਆਮ ਜਨਤਾ ਦੇ ਸਹਿਯੋਗ/ਡੋਨੈਸ਼ਨ ਦੀ ਬਹੁਤ ਸ਼ਖਤ ਜਰੂਰਤ ਹੈ ਤਾਂ ਜੋ ਇਸ ਮਹਾਂਮਾਰੀ ਦੌਰਾਨ ਲੋਕ ਭਲਾਈ ਦੇ ਕੰਮ ਅਸਾਨੀ ਨਾਲ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਅੱਜ ਲਗਾਏ ਖੂਨਦਾਨ ਕੈਂਪ ਵਿੱਚ ਜ਼ਿਲ੍ਹਾ ਹਸਪਤਾਲ ਫੇਜ-6 ਐਸ.ਏ.ਐਸ ਨਗਰ ਦੇ ਡਾਕਟਰਾਂ ਦੀ ਟੀਮ ਵਲੋਂ 92 ਯੂਨਿਟ ਖੂਨ ਇਕੱਤਰ ਕੀਤਾ ਗਿਆ ।