5 Dariya News

ਐਸ.ਏ.ਐਸ ਨਗਰ ਵਿੱਚ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਜਿਲ੍ਹਾ ਦੇ 341 ਪਿੰਡਾਂ ਦੇ ਵਿਕਾਸ ਲਈ 102.85 ਕਰੋੜ ਰੁਪਏ ਖਰਚੇ ਜਾਣਗੇ

5 Dariya News

ਐਸ.ਏ.ਐਸ ਨਗਰ 17-Oct-2020

ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੇ ਉਦਘਾਟਨ ਕਰਨ ਨਾਲ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰਾਜੈਕਟ  ਰੂਰਲ ਟਰਾਂਸਫਾਰਮੇਸ਼ਨ  ਪ੍ਰੋਗਰਾਮ  'ਸਮਾਰਟ ਵਿਲੇਜ ਮੁਹਿੰਮ' ਦੇ ਦੂਜੇ ਪੜਾਅ ਦੀ ਜ਼ਿਲੇ ਵਿਚ ਰਸਮੀ ਸ਼ੁਰੂਆਤ ਹੋ ਗਈ ਹੈ।ਸਮਾਰਟ ਵਿਲੇਜ ਮੁਹਿੰਮ ਪੜਾਅ-ਦੂਜਾ (2020-2022) ਤਹਿਤ ਜ਼ਿਲਾ ਐਸ.ਏ.ਐਸ.ਨਗਰ ਦੇ ਸਾਰੇ 341 ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 102.85 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਂਦਾ ਜਾ ਸਕੇ।ਇਸ ਪ੍ਰੋਗਰਾਮ ਤਹਿਤ  ਪਿੰਡਾਂ ਨੂੰ ਸਮਾਰਟ ਸ਼ਹਿਰਾਂ ਦੀ ਤਰਜ਼ 'ਤੇ ' ਸਮਾਰਟ ' ਬਣਾਇਆ ਜਾਵੇਗਾ ਜਿਸ ਨਾਲ  ਪਿੰਡਾਂ ਨੂੰ ਆਤਮ-ਨਿਰਭਰ, ਸਾਫ਼ ਅਤੇ ਸਵੱਛ ਬਣਨ ਵਿੱਚ ਸਹਾਇਤਾ ਮਿਲੇਗੀ ।ਚਲਾਏ ਜਾਣ ਵਾਲੇ ਵਿਕਾਸ ਕਾਰਜਾਂ ਵਿਚ ਕਮਿਊਨਿਟੀ ਸੈਂਟਰਾਂ, ਧਰਮਸ਼ਾਲਾਵਾਂ ਦਾ ਨਿਰਮਾਣ, ਪੀਣ ਵਾਲੇ ਪਾਣੀ ਦੀ ਸਪਲਾਈ, ਰੇਨ ਵਾਟਰ ਹਾਰਵੈਸਟਿੰਗ, ਠੋਸ ਰਹਿੰਦ-ਖੂਹੰਦ ਪ੍ਰਬੰਧਨ, ਛੱਪੜਾਂ ਦਾ ਨਵੀਨੀਕਰਨ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ , ਨਾਲੀਆਂ ,ਖੇਡ  ਮੈਦਾਨ, ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਉਸਾਰੀ, ਸੋਲਰ ਸਟਰੀਟ ਲਾਈਟਾਂ , ਬੱਸ ਸ਼ੈਲਟਰਾਂ ਦੀ ਉਸਾਰੀ, ਸ਼ਮਸ਼ਾਨ ਘਾਟ / ਕਬਰਿਸਤਾਨਾਂ, ਕਮਿਊਨਿਟੀ ਲਾਇਬ੍ਰੇਰੀ, ਸਕੂਲ ਅਤੇ ਆਂਗਣਵਾਦੀਆਂ ਦਾ ਵਿਕਾਸ ਆਦਿ ਸ਼ਾਮਲ ਹਨ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਤੋਂ ਪੰਚਾਇਤਾਂ ਨੂੰ ਸੰਬੋਧਨ ਕੀਤਾ। ਉਨਾਂ ਨੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ  ਖਰਚਣ।

ਜ਼ਿਲਾ ਐਸ.ਏ.ਐੱਸ.ਨਗਰ ਦੇ ਦੋ ਸਰਪੰਚਾਂ ਪਿੰਡ ਪੱਤੋਂ ਦੀ ਰੁਪਿੰਦਰ ਕੌਰ ਅਤੇ ਬਲਾਕ ਖਰੜ ਦੇ ਪਿੰਡ ਬਾਕਰਪੁਰ ਤੋਂ ਜਗਤਾਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਸ਼ਿਰਕਤ ਕਰਨ ਲਈ ਉਨਾਂ ਦੇ ਦਫ਼ਤਰ ਵਿਚ ਬੁਲਾਇਆ ਗਿਆ ਸੀ।ਜ਼ਿਕਰਯੋਗ ਹੈ ਕਿ  ਵਰਚੁਅਲ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਸੂਬੇ ਭਰ ਵਿੱਚ 1500 ਸਥਾਨਾਂ ਦੀ ਚੋਣ ਕੀਤੀ ਗਈ ਸੀ । ਜਿਨਾਂ ਵਿਚੋਂ 39 ਸਥਾਨ ਐਸ.ਏ.ਐਸ.ਨਗਰ ਦੇ ਸਨ। ਇਨਾਂ ਥਾਵਾਂ ਦੇ ਆਲੇ-ਦੁਆਲੇ  ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ  ਪ੍ਰੋਗਰਾਮ ਨੂੰ ਵੱਡੀਆਂ ਸਕ੍ਰੀਨਾਂ ਅਤੇ ਪ੍ਰੋਜੈਕਟਰਾਂ ਰਾਹੀਂ ਦਿਖਾਇਆ ਗਿਆ। ਇਸ ਦੌਰਾਨ ਕੋਵਿਡ ਸਬੰਧੀ ਨਿਯਮ ਜਿਵੇਂ ਮਾਸਕ ਪਹਿਨਣਾ ਅਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਆਦਿ  ਦੀ ਪਾਲਣਾ ਕੀਤੀ ਗਈ।ਦੱਸਣਯੋਗ ਹੈ ਕਿ ਸਮਾਰਟ ਵਿਲੇਜ ਮੁਹਿੰਮ ਪੜਾਅ-1 ਦੌਰਾਨ ਜ਼ਿਲਾ ਐਸ.ਏ.ਐਸ.ਨਗਰ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ 16.96 ਕਰੋੜ ਰੁਪਏ ਦੀ ਰਕਮ ਖਰਚੀ ਗਈ ਸੀ ਪਰ ਪੜਾਅ -2 ਵਿਚ ਵਿਕਾਸ ਪ੍ਰਾਜੈਕਟਾਂ  ਵਿੱਚ ਨਿਵੇਸ਼ ਬਹੁਤ ਵੱਡੇ ਪੱਧਰ 'ਤੇ  ਵਧਾ ਦਿੱਤਾ ਗਿਆ  ਹੈ।ਇਸ ਪ੍ਰੋਗਰਾਮ ਵਿਚ ਸਾਰੇ ਰਾਜ ਕੈਬਨਿਟ ਮੰਤਰੀਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਸਕੱਤਰ ਵਿਨੀ ਮਹਾਜਨ ਸਮੇਤ ਪ੍ਰਮੁੱਖ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੇ ਵੀ ਭਾਗ ਲਿਆ । ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਜ਼ਿਲਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐੱਸ.  ਨਗਰ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਦੌਰਾਨ ਵਿੱਤ ਮੰਤਰੀ ਨਾਲ ਸ਼ਾਮਲ ਹੋਏ।