ਸੰਸਦ ਮੈਂਬਰ ਨੇ 1.41 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕਮਿਊਨਿਟੀ ਸੈਂਟਰ ਨਯਾਗਾਓਂ ਦਾ ਰੱਖਿਆ ਨੀਂਹ ਪੱਥਰ
ਕਿਹਾ, ਕੂੜੇ ਦੇ ਢੇਰ ਲਈ ਖੇਤਰ ਜਲਦੀ ਅਲਾਟ ਕਰ ਦਿੱਤਾ ਜਾਵੇਗਾ
5 Dariya News
ਨਯਾਗਾਓਂ 13-Oct-2020
ਨਯਾਗਾਓਂ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ, ਇਸ ਖੇਤਰ ਵਿਚ ਲਿਆਂਦੇ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਨਾਲ ਹੋਰ ਬਿਹਤਰ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ 1.41 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਨਯਾਗਾਓਂ ਦੇ ਨੀਂਹ ਪੱਥਰ ਰੱਖਣ ਦੌਰਾਨ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਕੂੜੇ ਦੇ ਨਿਪਟਾਰੇ ਸਬੰਧੀ ਮੁੱਦਾ ਸਾਹਮਣੇ ਆਇਆ ਹੈ ਅਤੇ ਉਮੀਦ ਹੈ ਕਿ ਡੰਪਿੰਗ ਗਰਾਉਂਡ ਲਈ ਖੇਤਰ ਅਲਾਟ ਕਰਨ ਨਾਲ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੂੰ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸੇ ਦੌਰਾਨ, ਸੀਵਰੇਜ ਪ੍ਰਣਾਲੀ ਨੂੰ ਅਧੁਨੀਕੀਕਰਨ ਅਤੇ ਇਲਾਕੇ ਨੂੰ ਪੱਧਰ ਕਰਨ ਤੇ ਕੂੜੇ ਦੇ ਨਿਪਟਾਰੇ ਲਈ ਜੇ.ਸੀ.ਬੀ ਮਸ਼ੀਨ ਅਤੇ ਸੀਵਰੇਜ ਕਲੀਨਰ ਮਸ਼ੀਨ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਲ ਲਕੀਰ ਵਾਲੇ ਖੇਤਰ ਤੋਂ ਬਾਹਰ ਵਾਲੇ ਖੇਤਰ ਵਿੱਚ ਬਿਜਲੀ ਦੇ ਮੀਟਰ ਲਗਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਕਾਫ਼ੀ ਜ਼ਰੂਰਤ ਸੀ। ਨਿਵਾਸੀਆਂ ਲਈ 24 ਘੰਟੇ ਐਂਬੂਲੈਂਸ ਸੇਵਾਵਾਂ ਨਯਾਗਾਓਂ ਗੁਰੂਦੁਆਰਾ ਸਾਹਿਬ ਵਿਖੇ ਉਪਲਬਧ ਕਰਵਾਈਆਂ ਗਈਆਂ ਹਨ ਅਤੇ ਕੋਈ ਵੀ ਲੋੜਵੰਦ ਵਿਅਕਤੀ ਇਸ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਪੁਲਿਸ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੀ.ਸੀ.ਆਰ. ਵੈਨਾਂ ਵੀ ਵਿਚਾਰ ਅਧੀਨ ਹਨ।ਮਨੀਸ਼ ਤਿਵਾੜੀ ਨੇ ਦੱਸਿਆ ਕਿ ਮੈਪਿੰਗ ਫੀਸਾਂ ਵਿਚ ਕਮੀ ਲਿਆਉਣ ਸਬੰਧੀ ਵੀ ਪੜਚੋਲ ਕੀਤੀ ਜਾ ਰਹੀ ਹੈ।
ਨਯਾਗਾਓਂ ਲਈ ਵਿਕਾਸ ਪ੍ਰਾਜੈਕਟਾਂ ਦੀ ਸੂਚੀ ਸਾਂਝੀ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਸ਼ਹਿਰੀ ਵਾਤਾਵਰਣ ਸੁਧਾਰ ਪ੍ਰਾਜੈਕਟ ਤਹਿਤ ਕੁੱਲ 5 ਨਵੇਂ ਟਿਊਬਵੈਲ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 2 ਟਿਊਬਵੈਲ ਵਿਕਾਸ ਨਗਰ ਅਤੇ ਦਸ਼ਮੇਸ਼ ਨਗਰ ਵਿਖੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਬਾਕੀ 3 ਟਿਊਬਵੈਲ ਛੋਟੀ ਕਰੋਰਾਂ, ਵਾਰਡ ਨੰ. 123 ਅਤੇ ਦਸਮੇਸ਼ ਨਗਰ ਨੇੜੇ ਡਾਕਘਰ ਵਿਖੇ ਲਗਾਏ ਜਾਣਗੇ।ਉਹਨਾਂ ਕਿਹਾ ਕਿ 2.60 ਕੋਰੜ ਰੁਪਏ ਦੀ ਲਾਗਤ ਵਾਲਾ ਹਰੇਕ ਘਰ ਲਈ ਵਾਟਰ ਮੀਟਰ ਸਬੰਧੀ ਪਾਇਲਟ ਪ੍ਰਾਜੈਕਟ ਵੀ ਪ੍ਰਗਤੀ ਅਧੀਨ ਹੈ ਜਿਸ ਲਈ ਪ੍ਰਸ਼ਾਸਕੀ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਇਲਾਵਾ, ਕਸਬੇ ਵਿਚ ਪਾਣੀ ਸਪਲਾਈ ਦੇ ਦਬਾਅ ਨੂੰ ਵਧਾਉਣ ਲਈ, 2 ਲੱਖ ਲੀਟਰ ਦੀ ਯੂ.ਜੀ.ਐਸ.ਆਰ. ਸਮਰੱਥਾ ਵਾਲੇ 5 ਬੂਸਟਿੰਗ ਸਟੇਸ਼ਨਾਂ ਦੀ ਤਜਵੀਜ਼ ਕੀਤੀ ਗਈ ਹੈ, ਜਿਸ ਸਬੰਧੀ 1.54 ਕੋਰੜ ਰੁਪਏ ਦੀ ਲਾਗਤ ਦਾ ਅਨੁਮਾਨ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਸ੍ਰੀ ਤਿਵਾੜੀ ਨੂੰ ਦੱਸਿਆ ਕਿ ਨਯਾਗਾਓਂ ਤੋਂ ਸਿੰਘਾ ਦੇਵੀ ਮੰਦਰ ਵਿਖੇ ਪਟਿਆਲਾ ਕੀ ਰਾਓ ਦਰਿਆ 'ਤੇ ਉੱਚ ਪੱਧਰੀ (ਐਚ.ਐਲ.) ਪੁਲ ਬਣਾਉਣ ਸਬੰਧੀ ਪ੍ਰਬੰਧਕੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇਸ ਸਬੰਧੀ ਟੈਂਡਰ ਅਕਤੂਬਰ, 2020 ਦੇ ਅੰਤ ਤੱਕ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪ੍ਰਬੰਧਕੀ ਪ੍ਰਵਾਨਗੀ ਮਿਲਣ ਉਪਰੰਤ ਨਯਾਗਾਓਂ ਤੋਂ ਕਾਨੇ ਕਾ ਬਾਰਾ ਤੋਂ ਟਾਂਡਾ, ਕਰੋਰਾਂ ਪਿੰਜੌਰ ਰੋਡ ਤੱਕ ਹਰਿਆਣਾ ਦੀ ਸਰਹੱਦ ਤੱਕ ਸੜਕ ਦੀ ਅਲਾਇਨਮੈਂਟ ਲਈ ਸਰਵੇ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਰਵਿੰਦਰਪਾਲ ਸਿੰਘ ਪਾਲੀ ਅਤੇ ਕਮਲਦੀਪ ਸੈਣੀ (ਦੋਵੇਂ ਚੇਅਰਮੈਨ) ਵੀ ਮੌਜੂਦ ਸਨ।