5 Dariya News

ਮੰਡੀ ਬੋਰਡ ਦੇ ਸਕੱਤਰ ਵੱਲੋਂ ਪਟਿਆਲਾ, ਫਤਿਹਗੜ ਸਾਹਿਬ ਅਤੇ ਮੁਹਾਲੀ ਜ਼ਿਲਿਆਂ ਦੀਆਂ ਮੰਡੀਆਂ ਦਾ ਦੌਰਾ

ਬਨੂੜ, ਲਾਲੜੂ, ਰਾਜਪੁਰਾ, ਪਟਿਆਲਾ ਤੇ ਸਰਹਿੰਦ ਮੰਡੀਆਂ ਦਾ ਦੌਰਾ ਕਰਕੇ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ

5 Dariya News

ਚੰਡੀਗੜ੍ਹ 07-Oct-2020

ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਪਟਿਆਲਾ, ਫਤਹਿਗੜ ਸਾਹਿਬ ਅਤੇ ਮੁਹਾਲੀ ਜਿਲਿਆਂ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ, ਆੜਤੀਆਂ ਅਤੇ ਹੋਰ ਭਾਈਵਾਲਾਂ ਪਾਸੋਂ ਝੋਨੇ ਦੀ ਖਰੀਦ ਸਬੰਧੀ ਪ੍ਰਗਤੀ ਦਾ ਜਾਇਜਾ ਲਿਆ। ਸ੍ਰੀ ਭਗਤ ਨੇ ਅੱਜ ਪਟਿਆਲਾ, ਰਾਜਪੁਰਾ, ਬਨੂੜ, ਸਰਹਿੰਦ ਅਤੇ ਲਾਲੜੂ ਦੀਆਂ ਮੰਡੀਆਂ ਦਾ ਦੌਰਾ ਕੀਤਾ।ਆਪਣੇ ਦੌਰੇ ਮੌਕੇ ਸਕੱਤਰ ਨੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਕੇ ਮੰਡੀਆਂ ਵਿੱਚ ਚੱਲ ਰਹੇ ਨਿਰਵਿਘਨ ਖਰੀਦ ਕਾਰਜਾਂ ’ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਹਨਾਂ ਔਖੇ ਸਮਿਆਂ ਵਿੱਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਮੰਡੀ ਬੋਰਡ ਦੇ ਸਕੱਤਰ ਨੇ ਅੱਗੇ ਦੱਸਿਆ ਕਿ ਕੋਵਿਡ ਦੇ ਮੱਦੇਨਜ਼ਰ ਇਸ ਵਾਰ ਮੰਡੀਆਂ ਦੀ ਗਿਣਤੀ ਦੁੱਗਣੀ ਸੂਬੇ ਵਿੱਚ ਲਗਪਗ 4000 ਮੰਡੀਆਂ ਬਣਾਈਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਫਸਲ ਲਿਆਉਣ ਲਈ ਕਿਸੇ ਤਰਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਝੋਨੇ ਦੀ ਪੜਾਅਵਾਰ ਖਰੀਦ ਦੇ ਮੱਦੇਨਜ਼ਰ ਕਿਸਾਨਾਂ ਨੂੰ ਆੜਤੀਆਂ ਰਾਹੀਂ ਹੁਣ ਤੱਕ 5 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਮੰਡੀਆਂ ਵਿੱਚ 15.50 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ।ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਲਿਆਉਣ ਉਤੇ ਖਰੀਦਣ ਵਿੱਚ ਦੇਰੀ ਹੋਣ ਦੇ ਸਬੰਧ ਵਿੱਚ ਸਕੱਤਰ ਨੇ ਕਿਸਾਨਾਂ ਨੂੰ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਫਸਲ ਦੀ ਤੁਰੰਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ। 

ਕਰੋਨਾਵਾਇਰਸ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਇਹਤਿਆਦੀ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਸਕੱਤਰ ਨੇ ਆਖਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਢੁਕਵੀਂ ਮਾਤਰਾ ਵਿੱਚ ਮਾਸਕ, ਸੈਨੀਟਾਈਜ਼ਰ ਤੋਂ ਇਲਾਵਾ ਹੱਥ ਧੋਣ ਲਈ ਢੁਕਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਿਹਤ ਪ੍ਰੋਟੋਕੋਲ ਖਾਸ ਤੌਰ ‘ਤੇ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਭਗਤ ਨੇ ਸਾਰੀਆਂ ਧਿਰਾਂ ਨੂੰ ਸਿਹਤ ਸੁਰੱਖਿਆ ਲਈ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਝੋਨੇ ਦੀ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਉਤੇ ਮੰਡੀ ਬੋਰਡ ਦੇ ਸਕੱਤਰ ਨੇ ਕਿਸਾਨਾਂ ਨੂੰ ਕੋਵਿਡ ਦੀਆਂ ਮੌਜੂਦਾ ਹਾਲਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਪਰਾਲੀ ਦਾ ਧੂੰਆਂ ਕੋਵਿਡ ਦੇ ਮਰੀਜਾਂ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਉਹਨਾਂ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਪਰਾਲੀ ਦਾ ਨਿਪਟਾਰਾ ਕਰਨ ਲਈ ਕੰਬਾਈਨਾਂ ਉਤੇ ਸੁਪਰ ਐਸ.ਐਮ.ਐਸ. ਲਾਉਣ, ਚੌਪਰ ਆਦਿ ਵਰਗੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਸੂਬਾ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ।ਝੋਨਾ ਦਾ ਇਕ-ਇਕ ਦਾਣਾ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਕਿਹਾ ਕਿ ਝੋਨੇ ਦੀ ਖਰੀਦ 30 ਨਵੰਬਰ ਤੱਕ ਜਾਰੀ ਰਹੇਗੀ ਤਾਂ ਕਿ ਕਿਸਾਨ ਬਿਨਾਂ ਕਿਸੇ ਦਿੱਕਤ ਤੋਂ ਆਪਣੀ ਉਪਜ ਮੰਡੀਆਂ ਵਿੱਚ ਲਿਆ ਸਕਣ। ਸ੍ਰੀ ਭਗਤ ਨੇ ਦੱਸਿਆ ਕਿ ਜੇਕਰ ਕਿਸੇ ਧਿਰ ਨੂੰ ਖਰੀਦ ਕਾਰਜਾਂ ਨਾਲ ਸਬੰਧਤ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਸ਼ਿਕਾਇਤਾਂ ਦੇ ਨਿਵਾਰਨ ਲਈ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਕਾਇਮ ਕਰ ਸਕਦਾ ਹੈ।ਸਕੱਤਰ ਨੇ ਪਟਿਆਲਾ, ਮੁਹਾਲੀ ਅਤੇ ਫਤਿਹਗੜ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ।