ਫਾਜ਼ਿਲਕਾ ਜ਼ਿਲੇ ਵਿਚ 6ਵੇਂ ਮੈਗਾ ਰੋਜਗਾਰ ਮੇਲੇ ਦੌਰਾਨ 3160 ਨੂੰ ਮਿਲੀਆਂ ਨੌਕਰੀਆਂ ਡਿਪਟੀ ਕਮਿਸ਼ਨਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਪ੍ਰੋਗਰਾਮ ਦੌਰਾਨ ਨੌਜਵਾਨਾਂ ਦੀ ਕੀਤੀ ਹੌਂਸਲਾ ਅਫਜਾਈ
5 Dariya News
ਫਾਜ਼ਿਲਕਾ 06-Oct-2020
ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਪ੍ਰੋਗਰਾਮ ਤਹਿਤ ਲਗਾਏ ਗਏ 6ਵੇਂ ਮੈਗਾ ਰੋਜਗਾਰ ਮੇਲੇ ਦਾ ਸਮਾਪਨ ਅੱਜ ਆਨਲਾਈਨ ਸਮਾਗਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਇਸ ਮੌਕੇ ਅਲ ਇੰਡੀਆਂ ਕਾਂਗਰਸ ਕਮੇਟੀ ਦੇ ਸੀਨਿਅਰ ਆਗੂ ਤੇ ਸਾਂਸਦ ਸ੍ਰੀ ਰਾਹੁਲ ਗਾਂਧੀ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੀ ਵਿਸੇਸ਼ ਤੌਰ ਤੇ ਉਨਾਂ ਦੇ ਨਾਲ ਹਾਜਰ ਰਹੇ। ਪਟਿਆਲਾ ਤੋਂ ਆਨ ਲਾਈਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਵਜਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ 1 ਲੱਖ ਸਰਕਾਰੀ ਨੌਕਰੀਆਂ ਵੀ ਦੇਣ ਜਾ ਰਹੀ ਹੈ। ਉਨਾਂ ਨੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੂਬਾ ਸਰਕਾਰ ਆਪਣੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ।ਇਸ ਮੌਕੇ ਸ੍ਰੀ ਰਾਹੁਲ ਗਾਂਧੀ ਨੇ ਵੀ ਨੌਜਵਾਨਾਂ ਨਾਲ ਗਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ। ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਰੋਜਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਨਾਂ ਨੇ ਦੱਸਿਆ ਕਿ ਆਉਣ ਵਾਲੇ ਦਸੰਬਰ ਅਤੇ ਜਨਵਰੀ ਮਹੀਨੇ ਦੌਰਾਨ ਨੌਜਵਾਨਾਂ ਨੂੰ ਸਵੈ ਰੋਜਗਾਰ ਨਾਲ ਜੋੜਨ ਲਈ ਮੈਗਾ ਲੋਨ ਮੇਲੇ ਵੀ ਲਗਾਏ ਜਾਣਗੇ।ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਆਨਲਾਈਨ ਜੁੜਦਿਆਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੱਛਲੇ ਮਹੀਨੇ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਵਿਖੇ ਲੱਗੇ ਰੋਜਗਾਰ ਮੇਲਿਆਂ ਦੌਰਾਨ ਫਾਜ਼ਿਲਕਾ ਜ਼ਿਲੇ ਦੇ ਕੁੱਲ 3160 ਨੌਜਵਾਨਾਂ ਦੀ ਚੋਣ ਵੱਖ ਵੱਖ ਕੰਪਨੀਆਂ ਵਿਚ ਨੌਕਰੀ ਲਈ ਹੋਈ ਹੈ। ਉਨਾਂ ਨੇ ਦੱਸਿਆ ਕਿ ਇੰਨਾਂ ਵਿਚੋਂ 272 ਲੜਕੇ ਅਤੇ 85 ਲੜਕੀਆਂ ਉਹ ਸਨ ਜੋ ਕਿ ਬਹੁਤ ਹੀ ਲੋੜਵੰਦ ਪਰਿਵਾਰਾਂ ਵਿਚੋਂ ਸਨ। ਜਦ ਕਿ ਇਸ ਤੋਂ ਬਿਨਾਂ 2112 ਹੋਰ ਲੜਕਿਆਂ ਅਤੇ 691 ਲੜਕੀਆਂ ਦੀ ਵੀ ਨੌਕਰੀ ਲਈ ਚੋਣ ਹੋਈ ਹੈ। ਇਸ ਮੌਕੇ ਨੌਜਵਾਨਾਂ ਨੂੰ ਨਿਯੂਕਤੀ ਪੱਤਰ ਵੀ ਦਿੱਤੇ ਗਏ।ਇਸ ਮੌਕੇ ਏ.ਡੀ.ਸੀ. ਜਨਰਲ ਸ੍ਰੀ ਅਭਿਜੀਤ ਕਪਲਿਸ਼, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸ੍ਰੀ ਦੀਪਕ ਆਂਵਲਾ, ਸ੍ਰੀ ਵਿਨੋਦ, ਜ਼ਿਲਾ ਰੋਜਗਾਰ ਅਤੇ ਕਾਰੋਬਾਰ ਅਫ਼ਸਰ ਕਿਸ਼ਨ ਕੁਮਾਰ ਵੀ ਹਾਜਰ ਸਨ।