5 Dariya News

ਮੁੱਖ ਮੰਤਰੀ ਪੰਜਾਬ ਦੀ ਅਗਵਾਈ ’ਚ ਛੇਵੇਂ ਮੈਗਾ ਰੋਜ਼ਗਾਰ ਮੇਲੇ ਦਾ ਵਰਚੂਅਲ ਸਮਾਮਤੀ ਸਮਾਗਮ

ਪੰਜਾਬ ਸਰਕਾਰ ਦੇ ਉਪਰਾਲੇ ਨੌਜਵਾਨਾਂ ਲਈ ਸਾਬਿਤ ਹੋਣਗੇ ਵਰਦਾਨ: ਸਾਧੂ ਸਿੰਘ ਧਰਮਸੋਤ

5 Dariya News

ਬਰਨਾਲਾ 06-Oct-2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ 6ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਅਧੀਨ ਸੂਬੇ ਭਰ ਵਿਚ ਨੌਕਰੀ ਮੇਲੇ ਲਗਾ ਕੇ ਸੂਬੇ ਦੇ ਲਗਭਗ 93 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ। ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਾਉਣ ਲਈ ਲਗਾਤਾਰ ਵਚਨਬੱਧ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਕੀਤੀ ਵੀਡੀਓ ਕਾਨਫਰੰਸਿੰਗ ਦੌਰਾਨ ਆਖਿਆ ਕਿ ਹੁਣ ਤੱਕ ਪੰਜਾਬ ’ਚ ਮੌਜੂਦਾ ਸਰਕਾਰ ਦੌਰਾਨ 58 ਹਜ਼ਾਰ ਸਰਕਾਰੀ ਨੌਕਰੀਆਂ, 4 ਲੱਖ 47 ਹਜ਼ਾਰ ਪ੍ਰਾਈੇਵੇਟ ਨੌਕਰੀਆਂ ਤੇ 8 ਲੱਖ 80 ਹਜ਼ਾਰ ਉਮੀਦਵਾਰਾਂ ਨੂੰ ਸਵੈ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ।ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਸ੍ਰੀ ਰਾਹੁਲ ਗਾਂਧੀ ਨੇ ਆਖਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੇ ਖੇਤੀ ਆਧਾਰਿਤ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਨੌਜਵਾਨੀ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇਣਾ ਅਹਿਮ ਹੈ ਤਾਂ ਜੋ ਸੂਬੇ ਦਾ ਚਹੁੰ-ਤਰਫਾ ਵਿਕਾਸ ਹੋ ਸਕੇ। ਉਨ੍ਹਾਂ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਵੀਡੀਓ ਕਾਨਫਰੰਸਿੰਗ ਵਿਚ ਸ਼ਾਮਲ ਹੋਏ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਪੰਜਾਬ ਦਾ ਜਿੱਥੇ ਮੈਗਾ ਰੋਜ਼ਗਾਰ ਮੇਲਿਆਂ ਦੇ ਨੌਜਵਾਨ ਪੱਖੀ ਉਪਰਾਲੇ ਲਈ ਧੰਨਵਾਦ ਕੀਤਾ, ਉਥੇ ਐਸਸੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਦਾ ਬੀੜਾ ਚੁੱਕਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਵੱਡੀ ਗਿਣਤੀ ਐਸਸੀ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ।

ਇਸ ਮੌਕੇ ਦੱਸਿਆ ਗਿਆ ਕਿ ਦਸੰਬਰ ਅਤੇ ਜਨਵਰੀ ਵਿਚ ਸਵੈ ਰੋਜ਼ਗਾਰ ਮੇਲੇ ਲਾਏ ਜਾਣਗੇ, ਜਿਸ ਨਾਲ ਨੌਜਵਾਨ ਰੋਜ਼ਗਾਰ ਦੇ ਨਾਲ ਨਾਲ ਸਵੈ ਰੋਜ਼ਗਾਰ ਨਾਲ ਵੀ ਜੁੜ ਸਕਣਗੇ।ਇਸ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਸਰਕਾਰ ਵੱਲੋਂ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ, ਖੇਡਾਂ ਨਾਲ ਜੋੜਨ ਅਤੇ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।ਇਸ ਵੀਡੀਓ ਕਾਨਫਰੰਸਿੰਗ ਦੌਰਾਨ ਟ੍ਰਾਈਡੈਂਟ ਗਰੁੱਪ ਦੇ ਐਮਡੀ ਰਾਜਿੰਦਰ ਗੁਪਤਾ ਨੇ ਜਿੱਥੇ ਪੰਜਾਬ ਸਰਕਾਰ ਦੇ ਨੌਜਵਾਨ ਪੱਖੀ ਉਪਰਾਲਿਆਂ ਲਈ ਸ਼ਲਾਘਾ ਕੀਤੀ, ਉਥੇ ਟ੍ਰਾਈਡੈਂਟ ਗਰੁੱਪ ਵੱਲੋਂ ਸਰਕਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟ੍ਰਾਈਡੈਂਟ ਗਰੁੱਪ ਨਾਲ ਕੀਤੇ ਐਮਓਯੂ ਤਹਿਤ ਜਿੱਥੇ ਟ੍ਰਾਈਡੈਂਟ ਵੱਲੋਂ 250 ਪ੍ਰਾਰਥੀਆਂ ਨੂੰ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਵੇਗੀ, ਉਥੇ ਪ੍ਰਤੀ ਸਿਖਿਆਰਥੀ 6000 ਰੁਪਏ ਵੀ ਸਿਖਲਾਈ ਦੌਰਾਨ ਦਿੱਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸਰਦੂਲ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਹਾਜ਼ਰ ਸਨ।