5 Dariya News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਣਨਗੇ 5 ਆਧੁਨਿਕ ਪੇਂਡੂ ਖੇਡ ਸਟੇਡੀਅਮ : ਰਾਣਾ ਗੁਰਮੀਤ ਸਿੰਘ ਸੋਢੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖਿਆ ਗਿਆ ਆਨਲਾਈਨ ਨੀਂਹ ਪੱਥਰ

5 Dariya News

ਫਿਰੋਜ਼ਪੁਰ 02-Oct-2020

ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਦੇ ਲੋਕਾਂ ਤੇ ਖ਼ਾਸ ਕਰਕੇ ਸੂਬੇ ਦੇ ਨੌਜਵਾਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਸੋ ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਨੇ ਵਰਚੂਅਲ ਸਮਾਗਮ ਦੌਰਾਨ ਕੀਤਾ। ਵਰਚੁਅਲ ਢੰਗ ਨਾਲ ਇਹ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਨ ਦੀ ਰਸਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ। ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਹਾਂਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੂਅਲ ਸਮਾਗਮ ਰਾਹੀਂ ਅੱਜ 150 ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ ਜੋ ਕਿ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਸੰਪਰੂਨ ਹੋਣਗੇ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਉਸਮਾਨ ਵਾਲਾ ਬਲਾਕ ਫਿਰੋਜ਼ਪੁਰ ਵਿੱਚ ਲਗਭਗ 19.3 ਲੱਖ ਦੀ ਲਾਗਤ ਨਾਲ, ਜੰਡ ਵਾਲਾ ਵੱਡਾ ਬਲਾਕ ਗੁਰੂਹਰਸਹਾਏ ਵਿਖੇ ਲਗਭਗ 10 ਲੱਖ ਰੁਪਏ, ਬਹਿਕ ਫੱਤੂ ਬਲਾਕ ਮਖੂ ਲਗਭਗ 13 ਲੱਖ ਰੁਪਏ, ਜੰਗ ਬਲਾਕ ਮਮਦੋਟ ਵਿਖੇ ਲਗਭਗ 9.68 ਲੱਖ ਰੁਪਏ ਅਤੇ ਸਾਧੂ ਵਾਲਾ ਬਲਾਕ ਜ਼ੀਰਾ ਵਿਖੇ ਅੰਦਾਜ਼ਨ 6.3 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਕੋਟ ਕਰੋੜ ਕਲਾਂ ਬਲਾਕ ਘੱਲ ਖੁਰਦ ਵਿੱਚ ਲਗਭਗ 34 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਖੇਡ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਵਿੱਚ ਖਿਡਾਰੀ ਕਬੱਡੀ, ਵਾਲੀਬਾਲ, ਫੁੱਟਬਾਲ, ਬਾਸਕਟਬਾਲ ਆਦਿ ਖੇਡਾਂ ਖੇਡ ਸਕਣਗੇ ਅਤੇ ਸੈਰ ਕਰਨ ਲਈ ਟਰੈਕ ਦੀ ਵੀ ਵਿਵਸਥਾ ਕੀਤੀ ਗਈ ਹੈ।

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਰੇਗਾ ਸਕੀਮ ਤਹਿਤ ਸਾਲ 2020-21 ਦੌਰਾਨ ਪੰਜਾਬ ਵਿੱਚ 750 ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿਨ੍ਹਾਂ ਤੇ ਲਗਭਗ 105 ਕਰੋੜ ਰੁਪਏ ਖਰਚ ਆਉਣਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਇਨ੍ਹਾਂ ਸਲਾਘਾਯੋਗ ਉਪਰਾਲਿਆਂ ਰਾਹੀਂ ਜਿੱਥੇ ਅਨੇਕਾਂ ਗਰੀਬ ਲੋੜਵੰਦ ਲੋਕਾਂ ਨੂੰ ਨਰੇਗਾ ਰਾਹੀਂ ਰੁਜ਼ਗਾਰ ਮਿਲੇਗਾ ਉੱਥੇ ਹੀ ਨੌਜਵਾਨਾਂ ਨੂੰ ਸ਼ਹਿਰਾਂ ਵਾਂਗ ਪਿੰਡਾਂ ਵਿੱਚ ਖੇਡਣ ਲਈ ਸਟੇਡੀਅਮ ਮਿਲਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਿੱਥੇ ਖੇਡਣ ਲਈ ਪਿੰਡਾਂ ਵਿੱਚ ਖੇਡ ਗ੍ਰਾਊਂਡ ਮਿਲਣਗੇ ਉੱਥੇ ਹੀ ਬਜ਼ੁਰਗਾਂ ਨੂੰ ਸੈਰ ਕਰਨ ਲਈ ਵੀ ਵਧੀਆ ਟਰੈਕ ਦੀ ਸੁਵਿਧਾ ਮਿਲੇਗੀ ਤੇ ਹਰਿਆਲੀ ਵਾਲਾ ਵਧੀਆ ਵਾਤਾਵਰਨ ਪ੍ਰਾਪਤ ਹੋਵੇਗਾ।ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦੇ ਰਾਹ ਪਾਉਣ ਲਈ ਅਹਿਮ ਉਪਰਾਲੇ ਕੀਤੇ ਹਨ ਤੇ ਖੇਡਾਂ ਨੂੰ ਪ੍ਰਫੁੱਲਤ ਕਰਨਾ, ਉਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਉੱਥੇ ਹੀ ਕੋਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵੀ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾ ਵਚਨਬੱਧ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ; ਗੁਰਪਾਲ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਰਵਿੰਦਰਪਾਲ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਵਿੱਕੀ ਸੰਧੂ ਅਤੇ ਰਮਨ ਸਚਦੇਵਾ ਵੀ ਹਾਜ਼ਰ ਸਨ।