5 Dariya News

ਸੰਸਦ ਮੈਂਬਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ 11 ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ

ਗਾਂਧੀ ਜਯੰਤੀ ਮੌਕੇ ਪਹਿਲੇ ਪੜਾਅ ਵਿੱਚ 11 ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਵਿੱਢੇ : ਚੌਧਰੀ

5 Dariya News

ਜਲੰਧਰ 02-Oct-2020

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹੇ ਵਿੱਚ ਖੇਡ ਇਨਫਰਾਸਟਰਕਚ ਨੂੰ ਹੁਲਾਰਾ ਦਿੰਦਿਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਗਾਂਧੀ ਜਯੰਤੀ ਮੌਕੇ ਜ਼ਿਲ੍ਹੇ ਵਿਖੇ 99 ਲੱਖ ਦੀ ਲਾਗਤ ਬਣਨ ਵਾਲੇ 11 ਮਾਡਲ ਖੇਡ ਮੈਦਾਨਾਂ (ਹਰੇਕ ਬਲਾਕ ਵਿੱਚ ਇਕ) ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਮੇਅਰ ਜਗਦੀਸ਼ ਰਾਜਾ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ।ਇਹ ਸਮਾਰੋਹ ਸਾਰੇ ਜ਼ਿਲ੍ਹਿਆਂ ਵਿਚ ਇਕੋ ਸਮੇਂ ਆਯੋਜਿਤ ਕੀਤਾ ਗਿਆ, ਜਿਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਭਰ ਵਿੱਚ ਬਣਨ ਵਾਲੇ 750 ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦੇ ਪ੍ਰੋਜੈਕਟ ਦਾ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਗਿਆ।ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਵਿਲੱਖਣ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ, ਜਿਸ ਅਧੀਨ ਰਾਜ ਵਿਚ 750 ਮਾਡਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ।ਸੰਸਦ ਮੈਂਬਰ ਨੇ ਕਿਹਾ ਕਿ ਇਹ ਆਧੁਨਿਕ ਖੇਡ ਬੁਨਿਆਦੀ ਢਾਂਚਾ ਨਾ ਸਿਰਫ ਨੌਜਵਾਨਾਂ ਵਿਚ ਖੇਡਾਂ ਦੀ ਭਾਵਨਾ ਪੈਦਾ ਕਰੇਗਾ ਸਗੋਂ ਪਿੰਡਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰੇਗਾ।ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮਾਡਲ ਖੇਡ ਮੈਦਾਨਾਂ ਵਿੱਚ ਵਾਲੀਬਾਲ, ਕਬੱਡੀ ਅਤੇ ਬਾਸਕਟਬਾਲ ਦੇ ਮੈਦਾਨ, ਬੈਡਮਿੰਟਨ ਕੋਰਟ, ਓਪਨ ਜਿਮਨੇਜ਼ੀਅਮ, ਵਾਕਿੰਗ ਏਰੀਆ, ਸੋਲਰ ਕੈਂਪ ਲਾਈਟਿੰਗ, ਬਾਊਂਡਰੀ ਵਾਲਜ਼ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸ਼ੁਰੂ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ ਉਸਾਰੀ ਦਾ ਕੰਮ ਮੁਕੰਮਲ ਹੋ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਹਿਲੇ ਪੜਾਅ ਵਿੱਚ 11 ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਵਿੱਚੋਂ ਹਰੇਕ ਬਲਾਕ ਲਈ ਇੱਕ ਸਟੇਡੀਅਮ ਸ਼ਾਮਲ ਹੈ। 

ਇਹ ਸਟੇਡੀਅਮ ਆਦਮਪੁਰ ਬਲਾਕ ਦੇ ਪਿੰਡ ਸਾਰੋਬਾਦ, ਭੋਗਪੁਰ ਦੇ ਚੱਕ ਸ਼ਕੂਰ, ਜਲੰਧਰ ਪੂਰਬੀ ਦੇ ਪਾਰਸਰਾਮਪੁਰ, ਜਲੰਧਰ ਪੱਛਮੀ ਦੇ ਇਸਪੁਰ, ਜਮਸ਼ੇਰ ਲੋਹੀਆਂ, ਮਹਿਤਪੁਰ ਦੇ ਬੁਲੰਦ, ਨਕੋਦਰ ਦੇ ਲਿੱਤੜਾਂ, ਨੂਰਮਹਿਲ ਦੇ ਰਾਜੋਵਾਲ, ਫਿਲੌਰ ਦੇ ਦੁਸਾਂਝ ਕਲਾਂ, ਰੁੜਕਾਂ ਕਲਾਂ ਦੇ ਦਾਦੂਵਾਲ ਅਤੇ ਸ਼ਾਹਕੋਟ ਬਲਾਕ ਦੇ ਤਲਵੰਡੀ ਸੰਘੇੜਾ ਵਿਖੇ ਬਣਾਏ ਜਾਣਗੇ।ਸੰਸਦ ਮੈਂਬਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 99 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਬਾਕੀ 44 ਖੇਡ ਮੈਦਾਨ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਲਈ ਤਿਆਰੀ ਪਹਿਲਾਂ ਹੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਡਲ ਜ਼ਿਲ੍ਹੇ ਵਿੱਚ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਸ਼ਵ ਭਰ ਵਿਚ ਆਪਣੇ ਹਾਣੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਖੇਡਾਂ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਖੇਡ ਭਾਵਨਾ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਵਿੱਚ ਸਹਾਇਤਾ ਕਰੇਗੀ। ਸੰਸਦ ਮੈਂਬਰ ਨੇ ਕਿਹਾ ਕਿ ਇਹ ਮਾਡਲ ਖੇਡ ਮੈਦਾਨ ਨੌਜਵਾਨਾਂ ਨੂੰ ਬਲਾਕ ਪੱਧਰ 'ਤੇ ਸਿਖਲਾਈ ਦੀਆਂ ਵਧੀਆ ਸਹੂਲਤਾਂ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਖੇਡਾਂ ਦੇ ਸਮਾਗਮਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਸਹਾਇਤਾ ਕਰਨਗੇ।ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਬਲਾਕਾਂ ਵਿੱਚ ਤਿੰਨ ਕਿਸਮਾਂ ਦੇ ਖੇਡ ਮੈਦਾਨ ਤਿਆਰ ਕੀਤੇ ਜਾਣੇ ਹਨ, ਜਿਨ੍ਹਾਂ ਦੇ ਅਕਾਰ ਵੱਖ-ਵੱਖ ਹਨ, ਜਿਨ੍ਹਾਂ ਵਿੱਚ ਇੱਕ ਏਕੜ ਜ਼ਮੀਨ, ਦੋ ਏਕੜ ਅਤੇ ਚਾਰ ਏਕੜ ਦੇ ਖੇਡ ਮੈਦਾਨ ਸ਼ਾਮਲ ਹਨ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਾਡਲ ਖੇਡ ਮੈਦਾਨਾਂ ਦਾ ਨਿਰਮਾਣ ਕਰ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਜੋ ਨੌਜਵਾਨਾਂ ਨੂੰ ਲੋੜੀਂਦਾ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਉੱਤਮ ਬਣਾਉਣ ਵਿਚ ਸਹਾਇਤਾ ਕਰਨਗੇ।   ਇਸ ਸਭ ਤੋਂ ਇਲਾਵਾ ਇਨ੍ਹਾਂ ਖੇਡ ਮੈਦਾਨਾਂ ਦਾ ਨਿਰਮਾਣ ਕਾਰਜ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਅਧੀਨ ਸੈਂਕੜੇ ਪੇਂਡੂ ਲੋਕਾਂ ਨੂੰ ਨੌਕਰੀ ਪ੍ਰਦਾਨ ਕਰੇਗਾ।ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸਡੀਐਮ ਡਾ. ਜੈ ਇੰਦਰ ਸਿੰਘ, ਡੀਡੀਪੀਓ ਇਕਬਾਲ ਸਿੰਘ, ਬੀਡੀਪੀਓ ਸੁਖਬੀਰ ਕੌਰ, ਕਾਂਗਰਸੀ ਆਗੂ ਸੁਖਵਿੰਦਰ ਲਾਲੀ, ਹਨੀ ਜੋਸ਼ੀ, ਆਈਟੀ ਮੈਨੇਜਰ ਨਰੇਗਾ ਕ੍ਰਿਤਿਕਾ ਠਾਕੁਰ ਅਤੇ ਹੋਰ ਮੌਜੂਦ ਸਨ।