5 Dariya News

ਸੂਬੇ ਦੀ ਨੌਜਵਾਨੀ ਲਈ ਵਰਦਾਨ ਸਾਬਿਤ ਹੋਣਗੇ ਪੇਂਡੂ ਖੇਡ ਮੈਦਾਨ ਅਤੇ ਸਟੇਡੀਅਮ : ਗੁਰਪ੍ਰੀਤ ਸਿੰਘ ਕਾਂਗੜ

ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿਚ ਖੇਡ ਮੈਦਾਨਾਂ ਦੀ ਵਰਚੁਅਲ ਸ਼ੁਰੂਆਤ

5 Dariya News

ਬਰਨਾਲਾ 02-Oct-2020

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ  ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਸੂਬੇ ਦੇ 750 ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਦੀ ਵਰਚੁਅਲ ਸ਼ੁਰੂਆਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 150 ਪਿੰਡਾਂ ਵਿਚ ਸਕੀਮ ਦੇ ਆਗਾਜ਼ ਤੋਂ ਕੀਤੀ ਗਈ। ਇਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਤਿੰਨ ਪਿੰਡਾਂ ਵਿਚ ਖੇਡ ਸਟੇਡੀਅਮਾਂ ਦੀ ਵਰਚੂਅਲ ਸ਼ੁਰੂਆਤ ਅੱਜ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤੀ।  ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ 750 ਪਿੰਡਾਂ ਵਿਚ ਖੇਡ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਦੀ ਉਸਾਰੀ (ਪ੍ਰਤੀ ਬਲਾਕ 5) ਕਰਾਈ ਜਾ ਰਹੀ ਹੈ, ਜਿਸ ਤਹਿਤ 150 ਪਿੰਡਾਂ ਵਿਚ ਇਸ ਸਕੀਮ ਦਾ ਆਗਾਜ਼ ਅੱਜ ਵਰਚੁਅਲ ਪ੍ਰੋਗਰਾਮ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਬਲਾਕਾਂ ਦੇ ਤਿੰਨ ਪਿੰਡਾਂ ਵਿਚ ਅੱਜ ਖੇਡ ਸਟੇਡੀਅਮਾਂ ਦੀ ਸ਼ੁਰੂਆਤ ਕੀਤੀ ਹੈ। ਇਹ ਸ਼ੁਰੂਆਤ ਬਰਨਾਲਾ ਦੇ ਪਿੰਡ ਨਾਨਕਪੁਰਾ ਪਿੰਡੀ ਧੌਲਾ, ਸ਼ਹਿਣਾ ਦੇ ਪਿੰਡ ਚੀਮਾ ਅਤੇ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਵਿਚ ਕੀਤੀ ਗਈ ਹੈ।ਸ. ਕਾਂਗੜ ਨੇ ਆਖਿਆ ਕਿ ਇਨ੍ਹਾਂ ਸਟੇਡੀਅਮਾਂ ਦਾ ਉਦੇਸ਼ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜ ਕੇ ਸਿਹਤਯਾਬੀ ਵੱਲ ਲੈ ਕੇ ਜਾਣਾ ਹੈ। ਇਸੇ ਉਦੇਸ਼ ਨਾਲ ਜਿੱਥੇ ਵੱਖ ਵੱਖ ਤਰ੍ਹਾਂ ਦੇ ਖੇਡ ਮੈਦਾਨ ਅਤੇ ਸਟੇਡੀਅਮ ਉਸਾਰੇ ਜਾ ਰਹੇ ਹਨ, ਉਥੇ ਵੱਡੀ ਗਿਣਤੀ ਖੇਡ ਮੈਦਾਨਾਂ ਵਿਚ ਓਪਨ ਜਿੰਮ ਬਣਾਉਣ ਦਾ ਵੀ ਉਦੇਸ਼ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪਿੰਡ ਚੀਮਾ ਵਿਚ ਲਗਭਗ 4.16 ਲੱਖ ਦੀ ਲਾਗਤ ਨਾਲ ਵਾਲੀਬਾਲ  ਮੈਦਾਨ, ਨਾਨਕਪੁਰਾ ਪਿੰਡੀ ਧੌਲਾ ਵਿਚ ਲਗਭਗ 4.17 ਲੱਖ ਦੀ ਲਾਗਤ ਨਾਲ ਵਾਲੀਬਾਲ ਮੈਦਾਨ ਅਤੇ ਪਿੰਡ ਰਾਏਸਰ ਪੰਜਾਬ ਵਿਚ ਲਗਭਗ 9.27 ਲੱਖ ਦੀ ਲਾਗਤ ਨਾਲ ਖੇਡ ਮੈਦਾਨ ਉਸਾਰੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹਰ ਬਲਾਕ ਵਿਚ 5 ਖੇਡ ਮੈਦਾਨ/ਸਟੇਡੀਅਮ ਉਸਾਰੇ ਜਾਣੇ ਹਨ।  ਦੱਸਣਯੋਗ ਹੈ ਕਿ ਅੱਜ ਤਿੰਨਾਂ ਪਿੰਡਾਂ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਕੀਮ ਦਾ ਆਗਾਜ਼ ਕੀਤਾ ਗਿਆ। ਇਨ੍ਹਾਂ ਵਰਚੁਅਲ ਸਮਾਗਮਾਂ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ, ਐਸਡੀਐਮ ਸ੍ਰੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਸ੍ਰੀ ਅਸ਼ੋਕ ਕੁਮਾਰ ਜ਼ਿਲ੍ਹਾ ਹੈਡਕੁਆਰਟਰ ’ਤੇ ਮੌਜੂਦ ਸਨ, ਜਦੋਂਕਿ ਪੰਚਾਇਤੀ ਵਿÎਭਾਗ ਦੇ ਅਧਿਕਾਰੀ ਅਤੇ ਪੰਚਾਇਤੀ ਨੁਮਾਇੰਦੇ ਪਿੰਡ ਪੱਧਰ ’ਤੇ ਮੌਜੂਦ ਸਨ।