5 Dariya News

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲੇ ਵਿਚ 5 ਖੇਡ ਮੈਦਾਨਾਂ ਤੇ ਸਟੇਡੀਅਮਾਂ ਦੀ ਉਸਾਰੀ ਦੇ ਰੱਖੇ ਵਰਚੁਅਲ ਨੀਂਹ ਪੱਥਰ

ਜ਼ਿਲੇ ਦੇ ਪੰਜਾਂ ਬਲਾਕਾਂ ਵਿਚ ਬਣਨਗੇ 25 ਖੇਡ ਸਟੇਡੀਅਮ

5 Dariya News

ਨਵਾਂਸ਼ਹਿਰ 02-Oct-2020

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਮੌਕੇ ਅੱਜ ਜ਼ਿਲੇ ਦੇ ਪੰਜਾਂ ਬਲਾਕਾਂ ਵਿਚ ਪੇਂਡੂ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੇ ਵਰਚੁਅਲ ਨੀਂਹ ਪੱਥਰ ਰੱਖੇ ਗਏ। ਆਨਲਾਈਨ ਵਰਚੁਅਲ ਨੀਂਹ ਪੱਥਰ ਰੱਖਣ ਦੀ ਰਸਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰ ’ਤੇ ਨਿਭਾਈ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੁਅਲ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿਚ ਆਨਲਾਈਨ ਹਿੱਸਾ ਲੈਣ ਤੋਂ ਬਾਅਦ ਸਾਂਝੀ ਕੀਤੀ ਗਈ। ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਅੱਜ ਜ਼ਿਲੇ ਵਿਚ ਪੰਜ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਗਏ, ਜਿਨਾਂ ਵਿਚ ਬਲਾਕ ਔੜ ਵਿਚ ਪਿੰਡ ਫਾਂਬੜਾ, ਬਲਾਚੌਰ ਵਿਚ ਨਵਾਂ ਪਿੰਡ ਟਕਾਰਲਾ, ਬੰਗਾ ਵਿਚ ਕਲੇਰਾਂ, ਨਵਾਂਸ਼ਹਿਰ ਵਿਚ ਉਸਮਾਨਪੁਰ ਅਤੇ ਸੜੋਆ ਵਿਚ ਗੁਲਪੁਰ ਸ਼ਾਮਿਲ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਹਰੇਕ ਬਲਾਕ ਵਿਚ ਪੰਜ-ਪੰਜ ਖੇਡ ਸਟੇਡੀਅਮ ਬਣਾਏ ਜਾਣਗੇ। ਉਨਾਂ ਦੱਸਿਆ ਕਿ ਇਸ ਸਬੰਧੀ ਬਲਾਚੌਰ ਬਲਾਕ ਦੇ ਨਵਾਂ ਪਿੰਡ ਟਕਾਰਲਾ ਵਿਖੇ ਕਰਵਾਏ ਸਮਾਗਮ ਦੀ ਅਗਵਾਈ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕੀਤੀ ਅਤੇ ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਇਸੇ ਤਰਾਂ ਬਲਾਕ ਬੰਗਾ ਦੇ ਪਿੰਡ ਕਲੇਰਾਂ ਵਿਚ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਦੀ ਅਗਵਾਈ ਵਿਚ ਪ੍ਰੋਗਰਾਮ ਹੋਇਆ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਮੌਜੂਦ ਰਹੇ। ਇਸ ਤੋਂ ਇਲਾਵਾ ਬਲਾਕ ਨਵਾਂਸ਼ਹਿਰ ਦੇ ਪਿੰਡ ਉਸਮਾਨਪੁਰ ਵਿਖੇ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ ਵੱਲੋਂ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ ਜਿਥੇ ਸੀ. ਈ. ਓ ਜ਼ਿਲਾ ਪ੍ਰੀਸ਼ਦ ਤੇ ਹੋਰ ਅਧਿਕਾਰੀ ਹਾਜ਼ਰ ਹੋਏ। ਬਲਾਕ ਔੜ ਦੇ ਪਿੰਡ ਫਾਂਬੜਾ ਵਿਚ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ ਅਤੇ ਬਲਾਕ ਸੜੋਆ ਦੇ ਪਿੰਡ ਗੁਲਪੁਰ ਵਿਚ ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਚੌਧਰੀ ਗੌਰਵ ਕੁਮਾਰ ਦੀ ਅਗਵਾਈ ਵਿਚ ਹੋਏ ਪ੍ਰੋਗਰਾਮਾਂ ਵਿਚ ਕ੍ਰਮਵਾਰ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਅਤੇ ਵਰਕਸ ਮੈਨੇਜਰ ਮਗਨਰੇਗਾ ਮੌਜੂਦ ਰਹੇ।