ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਅੱਜ 6ਵੇਂ ਦਿਨ ਵੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
"ਛੇਵਾਂ ਦਿਨ ਹੜਤਾਲ ਦਾ ਫਿੱਟੇ ਮੂੰਹ ਸਰਕਾਰ ਦਾ" ਦੇ ਨਾਅਰੇ ਲਗਾਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ
5 Dariya News
ਫ਼ਿਰੋਜ਼ਪੁਰ 21-Sep-2020
ਪੰਜਾਬ ਸਰਕਾਰ ਵੱਲੋਂ ਸੰਘਰਸ਼ਸ਼ੀਲ ਮੁਲਾਜ਼ਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਲਈ ਗੰਭੀਰਤਾ ਨਾ ਦਿਖਾਉਣ ਕਰਕੇ ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਵੱਲੋਂ 16 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਕੇਂਦਰਾਂ ਤੇ ਲੜੀਵਾਰ ਭੁੱਖ ਹੜਤਾਲ ਰੱਖਣ ਦੇ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੁਝਾਰੂ ਸਾਥੀਆਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਅੱਗੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ 11 ਮੈਂਬਰ ਭੁੱਖ ਹੜਤਾਲ ਵਿਚ ਸ਼ਾਮਲ ਹੋਏ ਅਤੇ ਜ਼ੋਰਦਾਰ ਨਾਅਰੇ ਬਾਜ਼ੀ ਕਰਦਿਆਂ ਅੱਜ ਹੜਤਾਲ ਦੇ 6ਵੇਂ ਦਿਨ ਦੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਲਾਲਾਬਾਦ, ਗੁਰੂਹਰਸਹਾਏ ਤੋ ਪਹੁੰਚੇ ਪੈਨਸ਼ਨਰ ਇਸ ਹੜਤਾਲ ਵਿਚ ਸ਼ਾਮਲ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ। ਇਸ ਮੌਕੇ ਅੱਜ 6ਵੇਂ ਦਿਨ ਵੀ 11 ਮੈਂਬਰ ਭੁੱਖ ਹੜਤਾਲ ਤੇ ਬੈਠੇ ਜਿਨ੍ਹਾਂ ਵਿਚ ਰਾਮ ਪ੍ਰਸ਼ਾਦ ਅਤੇ ਅਜੀਤ ਗਿੱਲ ਸਿਹਤ ਵਿਭਾਗ, ਵਿਲਸਨ ਡੀ.ਸੀ ਦਫ਼ਤਰ, ਦੇਵਰਾਜ ਸ਼ਰਮਾ, ਦੇਸਰਾਜ ਗਾਂਧੀ ਅਤੇ ਭਗਵਾਨ ਦਾਸ ਪੈਨਸ਼ਨਰ ਯੂਨੀਅਨ ਜਲਾਲਾਬਾਦ, ਮੱਖਣ ਚੰਦ ਫੂਡ ਸਪਲਾਈ ਵਿਭਾਗ, ਸ਼ੇਰਾ ਰਾਮ ਅਤੇ ਮਹਿੰਦਰਪਾਲ ਪੈਨਸ਼ਨਰ ਗੁਰੂਹਰਸਹਾਏ, ਅਜੀਤ ਸਿੰਘ ਸੋਢੀ, ਪੈਨਸ਼ਨਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ, ਜਗਤਾਰ ਸਿੰਘ ਪੈਨਸ਼ਨਰ ਹਨ।ਇਸ ਮੌਕੇ ਮਨੋਹਰ ਲਾਲ ਪ੍ਰਧਾਨ ਪੀ.ਐੱਸ.ਐਮ.ਐੱਸ.ਯੂ, ਕਿਸ਼ਨ ਚੰਦ ਜਾਗੋਵਾਲੀਆ, ਰਾਮ ਪ੍ਰਸ਼ਾਦ ਪ੍ਰਧਾਨ ਕਲਾਸ ਫੋਰਥ ਯੂਨੀਅਨ, ਸਮਰ ਬਹਾਦਰ, ਸੁਭਾਸ਼ ਸ਼ਰਮਾ ਪ੍ਰਧਾਨ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ, ਸੁਰਿੰਦਰ ਸਿੰਘ ਬਰਾਂਚ ਪ੍ਰਧਾਨ ਨਾਰਦਨ ਰੇਲਵੇ ਮੈਨਜ ਯੂਨੀਅਨ, ਰਵਿੰਦਰ ਕੁਮਾਰ, ਜਨਕ ਰਾਜ, ਬੂਟਾ ਸਿੰਘ, ਕੇਵਲ ਸਿੰਘ, ਕੰਵਰਜੀਤ ਸ਼ਰਮਾ, ਹਰਭਗਵਾਨ ਕੰਬੋਜ, ਜਗਸੀਰ ਸਿੰਘ ਲਾਡੀ, ਸੁਰਿੰਦਰ ਸਿੰਘ, ਮਲਕੀਤ ਚੰਦ ਪਾਸੀ, ਮਹਿੰਦਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਜੋਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਚੋਣ ਵਾਅਦਿਆਂ ਅਨੁਸਾਰ ਪੁਨਰ ਗਠਨ ਦੇ ਨਾਂ ਤੇ ਵੱਖ ਵੱਖ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਨਾਲੋਂ ਵੱਧ ਤਨਖ਼ਾਹ ਸਕੇਲ ਦੇਣ ਦਾ ਨੋਟੀਫ਼ਿਕੇਸ਼ਨ ਵਾਪਸ ਲਿਆ ਜਾਵੇ, ਮੋਬਾਈਲ ਭੱਤੇ ਵਿਚ ਕਟੌਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ, ਤਿੰਨ ਸਾਲਾਂ ਤੋਂ ਲਟਕਾਈ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਹਰੇਕ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ , ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਮਹਿੰਗਾਈ ਭੱਤੇ ਦਾ 133 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ, ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਣਵਾੜੀ ਵਰਕਰਾਂ ਘੱਟੋ ਘੱਟ ਵੇਤਨ ਐਕਟ ਲਾਗੂ ਕਰਕੇ 18000 ਰੁਪਏ ਤਨਖ਼ਾਹ ਲਾਗੂ ਕੀਤੀ ਜਾਵੇ, ਸਾਲਾਨਾ 2400 ਲਗਾਇਆ ਜਜ਼ੀਆ ਟੈਕਸ ਵਾਪਸ ਲਿਆ ਜਾਵੇ, ਪੈਨਸ਼ਨ ਦੁਹਰਾਈ ਦੀਆਂ ਪਾਵਰਾਂ ਡੀ ਡੀ ਓ ਪੱਧਰ ਤੇ ਦਿੱਤੀਆਂ ਜਾਣ, ਗਰੈਚੁਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ, ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦੀ ਸੁਵਿਧਾ ਜਾਰੀ ਰੱਖੀ ਜਾਵੇ, ਮਹਾਂ ਲੇਖਾਕਾਰ ਪੰਜਾਬ ਦੇ ਦਫ਼ਤਰ ਵਿਖੇ ਪੂਰਵ 1/12/2011 ਦੇ ਪੈਨਸ਼ਨਰਾਂ ਦੇ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲਂ ਧਿਆਨ ਨਾਂ ਦਿੱਤਾ ਤਾਂ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕੀਤੇ ਜਾਣਗੇ।