5 Dariya News

ਮਿਸ਼ਨ ਫ਼ਤਹਿ : ਯੂਨੀਕ ਬੁੱਕ ਆਫ਼ ਵਰਲਡ ਰਿਕਾਰਡਜ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹੁੰ ਚੁੱਕ ਮੁਹਿੰਮ ਨੂੰ ਵਿਸ਼ਵ ਰਿਕਾਰਡ ਸਰਟੀਫਿਕੇਟ

ਕੋਰੋਨਾ ਤੋਂ ਬਚਾਅ ਲਈ ਰਾਣਾ ਹਸਪਤਾਲ ਦੇ ਸਹਿਯੋਗ ਨਾਲ ਚਲਾਈ ਗਈ ਆਨਲਾਈਨ ਸਹੁੰ ਚੁੱਕ ਮੁਹਿੰਮ

5 Dariya News

ਫ਼ਤਹਿਗੜ੍ਹ ਸਾਹਿਬ 20-Sep-2020

ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ, ਡਾ. ਸੰਵੀਜ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਰੰਭੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਸਬੰਧੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਰਾਣਾ ਹਸਪਤਾਲ, ਸਰਹਿੰਦ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਆਨਲਾਈਨ ਸਹੁੰ ਚੁੱਕ ਮੁਹਿੰਮ ਨੇ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਤਹਿਤ ਕੋਵਿਡ -19 ਮਹਾਂਮਾਰੀ ਸਬੰਧੀ ਫੈਲੀਆਂ ਅਫਵਾਹਾਂ ਤੋਂ ਬਚਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਸ ਤਹਿਤ ਪੂਰੇ ਜ਼ਿਲ੍ਹੇ ਨੂੰ ਕਵਰ ਕੀਤਾ ਗਿਆ। ਅੱਜ ਰਾਣਾ ਹੈਰੀਟੇਜ ਵਿਖੇ ਕਰਵਾਏ ਸਮਾਗਮ ਦੌਰਾਨ ਯੂਨੀਕ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਮੁੱਖ ਸੰਪਾਦਕ ਸ੍ਰੀ ਸਬਾਬੀ ਮੰਗਲੇ ਨੇ ਇਸ ਸਬੰਧੀ ਵਰਲਡ ਰਿਕਾਰਡ ਸਰਟੀਫਿਕੇਟ ਜਾਰੀ ਕੀਤਾ।ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਆਨਲਾਈਨ ਸਹੁੰ ਚੁਕਾਉਣ ਦੀ ਲੜੀ ਚਲਾਈ ਗਈ।ਹੌਲੀ ਹੌਲੀ ਵੱਡੀ ਗਿਣਤੀ ਲੋਕ ਇਸ ਨਾਲ ਜੁੜਦੇ ਗਏ ਤੇ ਇਸ ਮੁਹਿੰਮ ਦੇ ਫੇਸਬੁੱਕ ਪੇਜ ਉਤੇ ਲੋਕ ਖ਼ੁਦ ਸਹੁੰ ਚੁੱਕਣ ਦੀਆਂ ਵਿਡੀਓਜ਼ ਬਣਾ ਕੇ ਅਪਲੋਡ ਕਰਦੇ ਰਹੇ ਤੇ ਪੜਾਅ ਦਰ ਪੜਾਅ ਪੂਰਾ ਜ਼ਿਲ੍ਹਾ ਇਸ ਦੇ ਘੇਰੇ ਵਿੱਚ ਆਇਆ ਅਤੇ ਵੱਡੇ ਪੱਧਰ ਉੱਤੇ ਲੋਕ ਜਾਗਰੂਕ ਹੋਏ।

ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਕੋਈ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੀ ਤੇ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਵਿੱਚ ਵੀ ਵੱਖ-ਵੱਖ ਸੰਸਥਾਵਾਂ ਤੇ ਜ਼ਿਲ੍ਹੇ ਵਾਸੀਆਂ ਨੇ ਹੀ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜੋ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਪਾਲਣਾ ਯਕੀਨੀ ਬਣਾ ਕੇ ਮਿਸ਼ਨ ਫ਼ਤਹਿ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ ਜਾਵੇ।ਇਸ ਸਬੰਧੀ ਰਾਣਾ ਹੈਰੀਟੇਜ ਵਿਖੇ ਕਰਵਾਏ ਸਮਾਗਮ ਦੌਰਾਨ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸਖ਼ਸੀਅਤਾਂ ਤੇ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਤੇ ਪ੍ਰਸਿੱਧ ਪੰਜਾਬੀ ਗਾਇਕ ਜੀਤ ਜਗਜੀਤ ਨੇ ਵੀ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ।ਜ਼ਿਕਰਯੋਗ ਹੈ ਕਿ ਇਸ ਮੌਕੇ ਵੱਖ ਵੱਖ ਸੰਸਥਾਵਾਂ ਵੱਲੋਂ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਵੱਖ ਵੱਖ ਸੰਸਥਾਵਾਂ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਲੋੜਵੰਦਾਂ ਤੱਕ ਰਾਸ਼ਨ ਤੇ ਤਿਆਰ ਖਾਣਾ ਪੁੱਜਦਾ ਕਰਨ ਲਈ ਡਾ. ਸੰਜੀਵ ਕੁਮਾਰ ਵੱਲੋਂ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾ ਚੁੱਕਿਆ ਹੈ।