ਮਿੰਨੀ ਪੀ.ਐਚ.ਸੀ ਪਿੰਡ ਜਖੇਪਲ ਵਿਖੇ ਕੋਵਿਡ-19 ਜਾਂਚ ਲਈ ਸੈਂਪਲ ਭੇਜੇ
ਮਿਸ਼ਨ ਫਤਿਹ ਤਹਿਤ ਨੀਲੋਵਾਲ ਦੇ ਸਰਪੰਚ ਸਤਨਾਮ ਸਿੰਘ ਅਤੇ ਪੰਚਾਇਤ ਵੱਲੋਂ ਆਪਣੇ ਸੈਂਪਲ ਦੇ ਕੇ ਲੋਕਾਂ ਸੈਂਪਲ ਦੇਣ ਲਈ ਕੀਤਾ ਪ੍ਰੇਰਿਤ
5 Dariya News
ਸੰਗਰੂਰ/ਜਖੇਪਲ 18-Sep-2020
ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀਆਂ ਹਦਾਇਤਾਂ ਅਤੇ ਡਾ. ਤੇਜਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਕੌਹਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਭਰ ਵਿੱਚ ਸੈਂਪਲਿੰਗ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਲੋਕਾਂ ਦੀ ਕੋਰੋਨਾ ਜਾਂਚ ਲਈ ਸੈੰਪਲਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਇਜਰ ਸਰਦਾਰਾ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦੀ ਚੇਨ ਨੂੰ ਤੋੜਨ ਵੱਧ ਤੋਂ ਵੱਧ ਸੈਂਪਲਿੰਗ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਕੋਰੋਨਾ ਪਾਜ਼ਿਟਿਵ ਵਿਅਕਤੀ ਦਾ ਜਲਦ ਪਤਾ ਲੱਗ ਜਾਂਦਾ ਹੈ ਅਤੇ ਉਸ ਨੂੰ ਦੂਜੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਹੈ। ਇਸੇ ਲੜੀ ਤਹਿਤ ਅੱਜ ਜਖੇਪਲ ਵਿਖੇ ਸੈਂਪਲ ਲੈਣ ਲਈ ਵਿਸ਼ੇਸ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਨੀਲੋਵਾਲ ਦੇ ਸਰਪੰਚ ਸਤਨਾਮ ਸਿੰਘ ਅਤੇ ਪੰਚਾਇਤ ਵੱਲੋਂ ਆਪਣੇ ਸੈਂਪਲ ਦੇ ਕੇ ਲੋਕਾਂ ਨੂੰ ਇਸ ਪ੍ਰਕਿਰਿਆ ਵਿੱਚ ਸਾਥ ਦੇਣ ਲਈ ਪ੍ਰੇਰਿਤ ਕੀਤਾ । ਉਨਾਂ ਦੱਸਿਆ ਕਿ ਇਸ ਮੌਕੇ ਇਨਾਂ ਵਿਅਕਤੀਆਂ ਨੂੰ ਮਾਸਕ ਨਾਲ ਮੂੰਹ ਤੇ ਨੱਕ ਢੱਕ ਕੇ ਰੱਖਣ, ਸਮਾਜਿਕ ਦੂਰੀ ਦੀ ਪਾਲਣਾ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਨ ਨਾਲ ਸਾਫ਼ ਕਰਨ ਸਬੰਧੀ ਅਪੀਲ ਕੀਤੀ ਗਈ।ਉਨਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖਰਾਬ ਜਾਂ ਮੂੰਹ ਦਾ ਸਵਾਦ ਬਦਲਣ ਸਬੰਧੀ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁੰਰਤ ਨੇੜੇ ਦੀ ਸਿਹਤ ਸੰਸਥਾ ਜਾਂ ਟੋਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਕਨਿਕਾ ਬੱਗਾ, ਖੁਸ਼ਬੂ ਰਾਣੀ, ਪ੍ਰੀਤਮ ਕੌਰ ਮ ਪ ਸ, ਨਰੇਸ਼ ਕੁਮਾਰ, ਅੰਜਨਾ ਸ਼ਰਮਾ, ਕੁਲਵਿੰਦਰ ਸਿੰਘ, ਯੋਗੇਸ਼ ਕੁਮਾਰ ਆਦਿ ਮੌਜੂਦ ਸਨ।