ਬਲਬੀਰ ਸਿੰਘ ਸਿੱਧੂ ਨੇ ਲਾਂਡਰਾਂ ਦੇ ਸਰਕਾਰੀ ਹਾਈ ਸਕੂਲ ਲਈ ਦਿਤੀ 15 ਲੱਖ ਰੁਪਏ ਦੀ ਗ੍ਰਾਂਟ
ਨਿਊ ਲਾਂਡਰਾਂ ਵਿਚ ਬਣੇਗਾ ਕਮਿਊਨਿਟੀ ਸੈਂਟਰ, 15 ਲੱਖ ਰੁਪਏ ਦੀ ਗ੍ਰਾਂਟ ਸੌਂਪੀ
5 Dariya News
ਐਸ.ਏ.ਐਸ.ਨਗਰ 17-Sep-2020
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਲਾਂਡਰਾਂ ਦੇ ਸਰਕਾਰੀ ਹਾਈ ਸਕੂਲ ਵਿਚ ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ 15 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਸਿਹਤ ਮੰਤਰੀ ਨੇ ਦਸਿਆ ਕਿ ਉਨ੍ਹਾਂ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਇਸ ਸਕੂਲ ਵਿਚ ਵਾਧੂ ਕਮਰਿਆਂ ਦੀ ਉਸਾਰੀ ਅਤੇ ਫ਼ਰਨੀਚਰ ਦੇ ਨਵੀਨੀਕਰਨ ਸਮੇਤ ਹੋਰ ਕੰਮਾਂ ਵਾਸਤੇ ਇਹ ਰਕਮ ਜਾਰੀ ਕੀਤੀ ਹੈ ਅਤੇ ਸਰਕਾਰੀ ਸਕੂਲਾਂ ਦੇ ਕਾਇਆਕਲਪ ਲਈ ਆਉਣ ਵਾਲੇ ਦਿਨਾਂ ਵਿਚ 80 ਲੱਖ ਰੁਪਏ ਦੀ ਇਕ ਹੋਰ ਗ੍ਰਾਂਟ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਿਊ ਲਾਂਡਰਾਂ ਵਿਚ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 15 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ। ਸਿਹਤ ਮੰਤਰੀ ਨੇ ਦਸਿਆ ਕਿ ਨਿਊ ਲਾਂਡਰਾਂ ਵਿਚ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਸੈਂਟਰ ਬਣਨ ਨਾਲ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਸਿਹਤ ਮੰਤਰੀ ਨੇ ਪੇਂਡੂ ਵਿਕਾਸ ਫ਼ੰਡ ਵਜੋਂ ਲਾਂਡਰਾਂ ਲਈ 1 ਲੱਖ 60 ਹਜ਼ਾਰ ਰੁਪਏ ਜਦਕਿ ਨਿਊ ਲਾਂਡਰਾਂ ਲਈ 40 ਹਜ਼ਾਰ ਰੁਪਏ ਦੀ ਗ੍ਰਾਂਟ ਵੀ ਦਿਤੀ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਸੰਧੂ ਨੇ ਸਿਹਤ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਦਸਿਆ ਕਿ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ ਕਿਉਂਕਿ ਪਿੰਡ ਦੇ ਵਿਦਿਆਰਥੀਆਂ ਨੂੰ ਦਸਵੀਂ ਮਗਰੋਂ ਅਗਲੀ ਪੜ੍ਹਾਈ ਕਰਨ ਲਈ ਲਗਭਗ 12 ਕਿਲੋਮੀਟਰ ਦੂਰ ਪੈਂਦੇ ਸਕੂਲ ਵਿਚ ਜਾਣਾ ਪੈਂਦਾ ਹੈ।
ਉਨ੍ਹਾਂ ਦਸਿਆ ਕਿ ਇਸ ਸਕੂਲ ਵਿਚ ਅਧਿਆਪਕ ਤੇ ਹੋਰ ਸਟਾਫ਼ ਦੀਆਂ 7 ਆਸਾਮੀਆਂ ਖ਼ਾਲੀ ਹਨ ਜਿਨ੍ਹਾਂ ਨੂੰ ਜਲਦੀ ਭਰਨ ਦੀ ਲੋੜ ਹੈ। ਇਸ 'ਤੇ ਸਿਹਤ ਮੰਤਰੀ ਨੇ ਭਰੋਸਾ ਦਿਤਾ ਕਿ ਉਹ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਗੱਲ ਕਰਨਗੇ। ਉਨ੍ਹਾਂ ਭਰੋਸਾ ਦਿਤਾ ਕਿ ਇਨ੍ਹਾਂ ਮੰਗਾਂ 'ਤੇ ਗੰਭੀਰਤਾ ਨਾਲ ਗ਼ੌਰ ਕੀਤਾ ਜਾਵੇਗਾ।ਹਲਕਾ ਵਿਧਾਇਕ ਨੇ ਆਖਿਆ ਕਿ ਉਨ੍ਹਾਂ ਦਾ ਟੀਚਾ ਹਲਕਾ ਮੋਹਾਲੀ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣਾ ਹੈ ਜਿਸ ਦੀ ਪ੍ਰਾਪਤੀ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਵਿਚ ਮਿਆਰੀ ਤੇ ਮੁਫ਼ਤ ਸਿੱਖਿਆ ਦੇਣ ਲਈ ਵਚਨਬੱਧ ਹੈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜਿਥੇ ਅਧਿਆਪਕਾਂ ਦੀ ਭਰਤੀ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਹੈ, ਉਥੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਕਵਾਇਦ ਵੀ ਲਗਾਤਾਰ ਚੱਲ ਰਹੀ ਹੈ। ਇਸ ਦੌਰਾਨ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਦੇ ਸਟਾਫ਼ ਨੇ ਸਿਹਤ ਮੰਤਰੀ ਦਾ ਸਨਮਾਨ ਵੀ ਕੀਤਾ।ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਸਕੂਲ ਦੀ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਸੰਧੂ, ਸਤਵੰਤ ਕੌਰ ਬਲਾਕ ਸੰਮਤੀ ਮੈਂਬਰ, ਦਿਲਬਾਗ਼ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਸੁਖਵੰਤ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਜਗਤਾਰ ਸਿੰਘ ਪੰਚ, ਨਛੱਤਰ ਕੌਰ ਪੰਚ, ਜਗਦੀਸ਼ ਸਿੰਘ, ਨਿਊ ਲਾਂਡਰਾਂ ਦੀ ਸਰਪੰਚ ਮਨਦੀਪ ਕੌਰ, ਕੁਲਦੀਪ ਕੌਰ ਪੰਚ, ਰਘੁਵੰਸ਼ ਸਿੰਘ ਪੰਚ, ਗੁਰਮੁਖ ਸਿੰਘ ਪੰਚ ਤੋਂ ਇਲਾਵਾ ਪਿੰਡ ਵਾਸੀ ਅਤੇ ਸਕੂਲ ਸਟਾਫ਼ ਮੌਜੂਦ ਸੀ।