ਪੰਜਾਬ ਸਰਕਾਰ ਵੱਲੋਂ 928 ਡਾਕਟਰਾਂ ਦੀ ਭਰਤੀ ਪ੍ਰਿਆ ਪ੍ਰਗਤੀ ਅਧੀਨ : ਬਲਬੀਰ ਸਿੰਘ ਸਿੱਧੂ
ਸਿਹਤ ਮੰਤਰੀ ਨੇ ਫਾਜ਼ਿਲਕਾ ਤੇ ਜਲਾਲਾਬਾਦ ਦੇ ਸਿਵਲ ਹਸਪਤਾਲਾਂ ਦਾ ਦੌਰਾ ਕਰਕੇ ਮਰੀਜਾਂ ਦਾ ਹਾਲ ਚਾਲ ਜਾਣਿਆ
5 Dariya News
ਫਾਜ਼ਿਲਕਾ 15-Sep-2020
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜ਼ਿਲਾ ਹਸਪਤਾਲ ਫਾਜ਼ਿਲਕਾ ਅਤੇ ਜਲਾਲਬਾਦ ਦੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਮਰੀਜਾਂ ਦਾ ਹਾਲ ਚਾਲ ਜਾਣਿਆ ਅਤੇ ਜ਼ਿਲੇ ਵਿਚ ਕੋਵਿਡ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।ਇਸ ਮੌਕੇ ਉਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਰਾਜ ਵਿਚ 928 ਡਾਕਟਰਾਂ ਦੀ ਭਰਤੀ ਕਰ ਰਹੀ ਹੈ ਜਿੰਨਾਂ ਵਿਚੋਂ 146 ਦੀ ਨਿਯੁਕਤੀ ਹੋ ਗਈ ਹੈ ਜਦ ਕਿ 500 ਹੋਰ ਦੀ ਨਿਯੁਕਤੀ ਵੀ ਜਲਦ ਹੋ ਜਾਵੇਗੀ। ਜਦ ਕਿ 428 ਡਾਕਟਰਾਂ ਦੀ ਭਰਤੀ ਲਈ ਵਾਕ ਇਨ ਇੰਟਰਵਿਊ ਚੱਲ ਰਹੀ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਲਈ ਇਸ ਸਮੇਂ ਸਿਹਤ ਸੈਕਟਰ ਪ੍ਰਮੁੱਖ ਤਰਜੀਹ ਹੈ ਅਤੇ ਡਾਕਟਰੀ ਅਮਲੇ ਦੀ ਘਾਟ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।ਸਿਹਤ ਮੰਤਰੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਰਾਜ ਵਿਚ ਮੋਹਾਲੀ ਵਿਖੇ ਮੈਡੀਕਲ ਕਾਲਜ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਦ ਕਿ ਇਸ ਤੋਂ ਬਾਅਦ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਰਾਦਾ ਰੱਖਦੀ ਹੈ ਕਿ ਰਾਜ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ। ਬਲਬੀਰ ਸਿੰਘ ਸਿੱਧੂ ਨੇ ਕੋਵਿਡ ਦਾ ਜਿਕਰ ਕਰਦਿਆਂ ਕਿਹਾ ਕਿ ਬੇਸ਼ਕ ਇਸ ਸਮੇਂ ਕੋਵਿਡ ਕੇਸ ਜਿਆਦਾ ਗਿਣਤੀ ਵਿਚ ਆ ਰਹੇ ਹਨ ਪਰ ਰਾਜ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਉਸੇ ਅਨੁਪਾਤ ਵਿਚ ਵੱਧ ਹੈ। ਉਨਾਂ ਨੇ ਕਿਹਾ ਕਿ ਜਿਆਦਾਤਰ ਮੌਤਾਂ ਉਨਾਂ ਕੇਸਾਂ ਵਿਚ ਹੁੰਦੀਆਂ ਹਨ ਜਿੱਥੇ ਮਰੀਜ ਹਸਪਤਾਲ ਦੇਰੀ ਨਾਲ ਪੁੱਜਦੇ ਹਨ ਅਤੇ ਸਮੇਂ ਸਿਰ ਟੈਸਟ ਨਹੀਂ ਕਰਵਾਉਂਦੇ ਜਾਂ ਜਿੰਨਾਂ ਨੂੰ ਹੋਰ ਬਿਮਾਰੀਆਂ ਵੀ ਹੁੰਦੀਆਂ ਹਨ। ਉਨਾਂ ਨੇ ਇਸ ਲਈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੱਛਣ ਵਿਖਾਈ ਦੇਣ ਤੇ ਜਾਂ ਕਿਸੇ ਪਾਜਿਟਿਵ ਮਰੀਜ ਦੇ ਸੰਪਰਕ ਵਿਚ ਆਏ ਹੋਣ ਤੇ ਤੁਰੰਤ ਆਪਣਾ ਕੋਵਿਡ ਟੈਸਟ ਕਰਵਾਉਣ। ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਜੇਕਰ ਪਾਜਿਟਿਵ ਆਏ ਵਿਅਕਤੀ ਨੂੰ ਕੋਈ ਗੰਭੀਰ ਲੱਛਣ ਨਹੀਂ ਹਨ ਅਤੇ ਉਸਨੂੰ ਕੋਈ ਹੋਰ ਗੰਭੀਰ ਬਿਮਾਰੀ ਵੀ ਨਹੀਂ ਹੈ ਤਾਂ ਅਜਿਹਾ ਵਿਅਕਤੀ ਆਪਣੇ ਘਰ ਵਿਚ ਵੀ ਰਹਿ ਕੇ ਆਪਣਾ ਇਲਾਜ ਪੂਰਾ ਕਰ ਸਕਦਾ ਹੈ।ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱੂਧ ਨੇ ਇਸ ਮੌਕੇ ਕਿਹਾ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਫੈਲਾਈਆਂ ਅਫਵਾਹਾਂ ਦਾ ਝੂਠ ਹੁਣ ਲੋਕ ਸਮਝ ਚੁੱਕੇ ਹਨ ਅਤੇ ਪੰਚਾਇਤਾਂ ਸਮੇਤ ਸਮਾਜ ਦੇ ਸਾਰੇ ਵਰਗ ਟੈਸਟਿੰਗ ਕਰਵਾਉਣ ਵਿਚ ਸਹਿਯੋਗ ਕਰ ਰਹੇ ਹਨ।ਓਟ ਕਲੀਨਿਕਾਂ ਵਿਚ ਮਰੀਜਾਂ ਦੀ ਵੱਧ ਰਹੀ ਗਿਣਤੀ ਨੂੰ ਹਾਂਪੱਖੀ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਵਰਤਾਰਾਂ ਪ੍ਰਮਾਣਿਤ ਕਰਦਾ ਹੈ ਕਿ ਲੋਕ ਨਸ਼ੇ ਦੀ ਬਿਮਾਰੀ ਨੂੰ ਛੱਡਣਾ ਚਾਹੁੰਦੇ ਹਨ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਦੇ ਰੋਗੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਓਟ ਕਲੀਨਿਕਾਂ ਵਿਚ ਆਉਣ ਵਾਲਿਆਂ ਨੂੰ ਸਹੀ ਮਨੋਵਿਗਿਆਨਿਕ ਸਲਾਹ ਦੇ ਕੇ ਅਤੇ ਸਹੀ ਇਲਾਜ ਕਰਕੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਂਦਾ ਜਾਵੇ।ਇਸ ਮੌਕੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜਾਂ ਨਾਲ ਗੱਲਬਾਤ ਕਰਕੇ ਉਨਾਂ ਤੋਂ ਇੱਥੇ ਦਿੱਤੀਆਂ ਜਾ ਰਹੀਆਂ ਸਹੁਲਤਾਂ ਸਬੰਧੀ ਫੀਡਬੈਕ ਵੀ ਪ੍ਰਾਪਤ ਕੀਤਾ। ਇਸ ਮੌਕੇ ਉਨਾਂ ਨਾਲ ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ, ਜਲਾਲਾਬਾਦ ਦੇ ਵਿਧਾਇਕ ਸ: ਰਮਿੰਦਰ ਆਵਲਾਂ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ, ਸ੍ਰੀ ਸੰਦੀਪ ਜਾਖੜ, ਕਾਰਜਕਾਰੀ ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ, ਯੂਥ ਕਾਂਗਰਸ ਪ੍ਰਧਾਨ ਸ੍ਰੀ ਰੂਬੀ ਗਿੱਲ, ਐਸ.ਡੀ.ਐਮ. ਸ: ਸੂਬਾ ਸਿੰਘ, ਸਿਵਲ ਸਰਜਨ ਡਾ: ਭੁਪਿੰਦਰ ਕੌਰ, ਐਸਐਮਓ ਡਾ: ਸੁਧੀਰ ਪਾਠਕ ਆਦਿ ਵੀ ਹਾਜਰ ਸਨ। ਬਾਅਦ ਵਿਚ ਉਨਾਂ ਨੇ ਜਲਾਲਾਬਾਦ ਦੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ।