5 Dariya News

ਪੁਲਿਸ ਕਮਿਸ਼ਨਰ ਵੱਲੋਂ ਬਹਾਦਰ ਕੁਸੁਮ ਦਾ ਸਮਾਰਟ ਫੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ

ਲੜਕੀਆਂ ਲਈ ਮਿਸਾਲ ਬਣੀ ਕੁਸੁਮ : ਭੁੱਲਰ

5 Dariya News

ਜਲੰਧਰ 14-Sep-2020

15 ਸਾਲਾ ਕੁਸੁਮ, ਜਿਸ ਕੋਲੋਂ 30 ਅਗਸਤ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਹਮਲੇ ਵਿੱਚ ਗੁੱਟ ਉਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਉਹ ਇਕ ਮੁਲਜ਼ਮ ਨੂੰ ਫੜਨ ਵਿੱਚ ਕਾਮਯਾਬ ਰਹੀ, ਦਾ ਬੇਮਿਸਾਲ ਬਹਾਦਰੀ ਸਦਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੋਮਵਾਰ ਨੂੰ ਸਮਾਰਟ ਫੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ।ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸਮ ਨੂੰ ਆਪਣੇ ਮਾਪਿਆਂ ਨਾਲ ਪੁਲਿਸ ਲਾਈਨ ਵਿਚ ਚਾਹ ਦੇ ਇਕ ਕੱਪ ‘ਤੇ ਬੁਲਾਇਆ ਅਤੇ ਉਸ ਦੀ ਅਸਾਧਾਰਣ ਬਹਾਦਰੀ ਦੀ ਸ਼ਲਾਘਾ ਕੀਤੀ।ਭੁੱਲਰ ਨੇ ਕਿਹਾ ਕਿ ਕੁਸਮ ਹੁਣ ਦੂਜੀ ਕੁੜੀਆਂ ਲਈ ਮਿਸਾਲ ਬਣ ਗਈ ਹੈ ਅਤੇ ਸਮਾਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਕਈ ਖੇਤਰਾਂ ਵਿੱਚ ਲੜਕਿਆਂ ਨੂੰ  ਪਛਾੜ ਦਿੱਤਾ ਹੈ ਭਾਵੇਂ ਉਹ ਅਫਸਰਸ਼ਾਹੀ ਹੋਵੇ, ਰਾਜਨੀਤੀ ਜਾਂ ਖੇਡਾਂ ਹੋਣ।ਉਨ੍ਹਾਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਲੜਕੀਆਂ ਨੇ ਆਪਣੀ ਅਮਿੱਟ ਛਾਪ ਨਾ ਛੱਡੀ ਹੋਵੇ। ਹੁਣ ਸਮੇਂ ਦੀ ਲੋੜ ਹੈ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੀ। ਜਿਵੇਂ ਕੁਸਮ ਦੇ ਪਰਿਵਾਰ ਨੇ ਉਸ ਨੂੰ ਐਨ.ਸੀ.ਸੀ. ਵਿਚ ਸ਼ਾਮਲ ਹੋਣ ਜਾਂ ਸਿੱਖਿਆ ਦੇ ਨਾਲ ਨਾਲ ਤਾਈਕਵਾਂਡੋ ਦੀ ਸਿਖਲਾਈ ਦੇ ਫੈਸਲੇ ਦਾ ਸਮਰਥਨ ਕੀਤਾ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਮਾਰਟ ਫੋਨ ਕੁਸੁਮ ਨੂੰ ਆਨਲਾਈਨ ਕਲਾਸਾਂ ਰਾਹੀਂ ਆਪਣੀ ਪੜ੍ਹਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਵਿੱਚ ਮਦਦ ਕਰੇਗਾ। ਭੁੱਲਰ ਨੇ ਦੱਸਿਆ ਕਿ ਯੂਐਸਏ ਰਹਿਣ ਵਾਲੇ ਸਮਾਜ ਸੇਵੀ ਵੱਲੋਂ ਕੁਸੁਮ ਨੂੰ 51,000 ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਉਸ ਦਾ ਖਾਤਾ ਨੰ. ਸਮਾਜ ਸੇਵੀ ਨੂੰ ਦਿੱਤਾ ਗਿਆ ਹੈ, ਜੋ ਉਸ ਦੇ ਖਾਤੇ ਵਿਚ ਪੈਸੇ ਸਿੱਧਾ ਭੇਜਣਾ ਚਾਹੁੰਦੇ ਸਨ।ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਕੁਸਮ ਦੇ ਪੁਲਿਸ ਅਧਿਕਾਰੀ ਬਣਨ ਅਤੇ ਸਮਾਜ ਸੇਵਾ ਕਰਨ ਦੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਾਥ ਦੇਵੇਗੀ।ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਏਸੀਪੀ ਬਿਮਲ ਕਾਂਤ ਅਤੇ ਹੋਰ ਸ਼ਾਮਲ ਸਨ।