ਵਿਧਾਇਕ ਰਮਿੰਦਰ ਆਵਲਾ ਨੇ ਜਲਾਲਾਬਾਦ ਵਿਖੇ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਵੰਡ ਕੇ ਸਕੀਮ ਦੀ ਕੀਤੀ ਸ਼ੁਰੂਆਤ
ਸਮਾਰਟ ਰਾਸ਼ਨ ਕਾਰਡ ਕਣਕ ਦੀ ਵੰਡ ਦੇ ਸਿਸਟਮ ਵਿੱਚ ਪੂਰਨ ਤੌਰ ’ਤੇ ਆਵੇਗੀ ਪਾਰਦਰਸ਼ਤਾ
5 Dariya News
ਜਲਾਲਾਬਾਦ 12-Sep-2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਸਮਾਰਟ ਰਾਸ਼ਨ ਕਾਰਡ ਲਾਂਚ ਕਰਨ ਉਪਰੰਤ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੀ ਤਹਿਸੀਲ ਜਲਾਲਾਬਾਦ ਵਿਖੇ ਵਿਧਾਇਕ ਰਮਿੰਦਰ ਸਿੰਘ ਆਵਲਾ ਤੇ ਐਸ.ਡੀ.ਐਮ. ਜਲਾਲਾਬਾਦ ਸ. ਸੁਬਾ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡ ਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਡੀ.ਐਫ.ਐਸ.ਓ ਮੈਡਮ ਵੰਦਨਾ ਕੰਬੋਜ਼ ਵੀ ਮੌਜੂਦ ਸਨ।ਸਥਾਨਕ ਨਗਰ ਕੌਂਸਲ ਜਲਾਲਾਬਾਦ ਵਿੱਚ ਹੋਏ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਦਿੰਦਿਆਂ ਵਿਧਾਇਕ ਸ੍ਰੀ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਹੋਰ ਅਹਿਮ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਕਣਕ ਦੀ ਵੰਡ ਦੇ ਸਿਸਟਮ ਵਿੱਚ ਪੂਰਨ ਤੌਰ ’ਤੇ ਪਾਰਦਰਸ਼ਤਾ ਲਿਆਵੇਗੀ ਅਤੇ ਹੁਣ ਇਨ੍ਹਾਂ ਕਾਰਡਾਂ ਰਾਹੀਂ ਲਾਭਪਾਤਰੀ ਰਾਜ ਦੇ ਕਿਸੇ ਵੀ ਮਨਜੂਰਸ਼ੁਦਾ ਡਿਪੂ ਤੋਂ ਆਪਣੀ ਬਣਦੀ ਕਣਕ ਪ੍ਰਾਪਤ ਕਰ ਸਕੇਗਾ।ਸਮਾਰਟ ਰਾਸ਼ਨ ਕਾਰਡਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਡਾਂ ਵਿੱਚ ਵਿਸ਼ੇਸ਼ ਕਿਸਮ ਦੀ ਚਿਪ ਲੱਗੀ ਹੋਈ ਹੈ ਜੋ ਕਿ ਡਿਪੂ ਹੋਲਡਰਾਂ ਕੋਲ ਮੌਜੂਦ ਈਪੋਸ ਮਸ਼ੀਨਾਂ ਨਾਲ ਲਿੰਕ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕਣਕ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਕਾਰਡ ਦੀ ਵਰਤੋਂ ਰਾਹੀਂ ਯੋਗ ਲਾਭਪਾਤਰੀ ਜਾਂ ਉਸ ਦੇ ਪਰਿਵਾਰ ਦਾ ਮੈਂਬਰ, ਜਿਸ ਦਾ ਵੇਰਵਾ ਕਾਰਡ ਵਿੱਚ ਦਰਜ ਹੋਵੇਗਾ, ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਆਪਣੀ ਬਣਦੀ ਕਣਕ ਪ੍ਰਾਪਤ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਰਟ ਕਾਰਡ ਸਿਰਫ ਪ੍ਰਮਾਣਿਤ ਈਪੋਸ ਮਸ਼ੀਨਾਂ ’ਤੇ ਹੀ ਵਰਤੋਂਯੋਗ ਹੋਵੇਗਾ।ਐਸ.ਡੀ.ਐਮ. ਸੂਬਾ ਸਿੰਘ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਲਾਂਚ ਕਰਨਾ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਖਜਲ ਖੁਆਰੀ ਘਟੇਗੀ ਅਤੇ ਕੰਮ ਵਿਚ ਪਾਰਦਰਸ਼ਤਾ ਆਵੇਗੀ।ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਪੱਖੋਂ ਵਚਨਬਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕਾਂ ਭਲਾਈ ਸਕੀਮਾਂ ਨੂੰ ਹਰੇਕ ਲੋੜਵੰਦ ਤੱਕ ਪਹੰਚਾਉਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪੂਰੀ ਤਰ੍ਹਾਂ ਯਤਨਸ਼ੀਲ ਹਨ।