ਫਾਜ਼ਿਲਕਾ ਜ਼ਿਲੇ ਵਿਚ ਸਮਾਰਟ ਰਾਸ਼ਨ ਕਾਰਡ ਸਕੀਮ ਲਾਂਚ, ਹੁਣ ਰਾਜ ਦੇ ਕਿਸੇ ਵੀ ਡੀਪੂ ਤੋਂ ਲਿਆ ਜਾ ਸਕੇਗਾ ਰਾਸ਼ਨ
ਮੁੱਖ ਮੰਤਰੀ ਨੇ ਚੰਡੀਗੜ ਤੋਂ ਆਨਲਾਈਨ ਕੀਤੀ ਸਕੀਮ ਦੀ ਸ਼ੁਰੂਆਤ, ਫਾਜ਼ਿਲਕਾ ਜ਼ਿਲੇ ਦੇ 5.99 ਲੱਖ ਲਾਪਭਾਤਰੀਆਂ ਨੂੰ ਹੋਵੇਗਾ ਲਾਭ
5 Dariya News
ਫਾਜ਼ਿਲਕਾ 12-Sep-2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਚੰਡੀਗੜ ਤੋਂ ਆਨਲਾਈਨ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਹੋਏ ਸਮਾਗਮਾਂ ਦੇ ਸਮਾਂਤਰ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਵਾਈ ਹੈ। ਇਸ ਸਬੰਧੀ ਫਾਜ਼ਿਲਕਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲੇ ਦੇ ਵਿਧਾਇਕਾਂ ਸ੍ਰੀ ਨੱਥੂ ਰਾਮ ਅਤੇ ਸ: ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਹੋਰ ਪਤਵੰਤਿਆਂ ਅਤੇ ਲਾਭਪਾਤਰੀਆਂ ਨੇ ਕੋਵਿਡ ਕਾਰਨ ਕਰਵਾਏ ਸਾਦੇ ਸਮਾਗਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਆਨਲਾਈਨ ਸੰਬੋਧਨ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਉਨਾਂ 9 ਲੱਖ ਲਾਭਪਾਤਰੀਆਂ ਨੂੰ ਵੀ ਜਨਤਕ ਵੰਡ ਪ੍ਰਣਾਲੀ ਦੇ ਘੇਰੇ ਵਿਚ ਲਿਆਂਦਾ ਜਾਵੇਗਾ ਜੋ ਕਿ ਕੇਂਦਰ ਸਰਕਾਰ ਦੀ ਭੋਜਨ ਸੁਰੱਖਿਆ ਕਾਨੂੰਨ ਸਕੀਮ ਦੇ ਦਾਇਰੇ ਵਿਚ ਨਹੀਂ ਆਉਂਦੇ ਹਨ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਇਕ ਕ੍ਰਾਂਤੀਕਾਰੀ ਕਦਮ ਹੈ ਜੋ ਲੋੜਵੰਦ ਲੋਕਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਏਗਾ।ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਲਈ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਲਿਆਂਦਾ ਸੀ, ਜਿਸ ਲਈ ਦੇਸ਼ ਦੇ ਲੋਕ ਹਮੇਸਾ ਉਨਾਂ ਨੂੰ ਯਾਦ ਰੱਖਣਗੇ।ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਨੇ ਕਿਹਾ ਕਿ ਇਸ ਸਮਾਰਟ ਕਾਰਡ ਸਕੀਮ ਤਹਿਤ ਹੁਣ ਲਾਭਪਾਤਰੀਆਂ ਦੇ ਹੱਕਾਂ ਦੀ ਰਾਖੀ ਹੋ ਸਕੇਗੀ। ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਸਕੀਮ ਸ਼ੁਰੂ ਕਰਕੇ ਪੰਜਾਬ ਸਰਕਾਰ ਨੇ ਆਪਣੀ ਜਿੰਮੇਵਾਰੀ ਨਿਭਾਈ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ 1.58 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰ ਦਰਜ ਹਨ ਜਦ ਕਿ ਕੁੱਲ ਲਾਭਪਾਤਰੀਆਂ ਦੀ ਗਿਣਤੀ 5.99 ਲੱਖ ਹੈ। ਉਨਾਂ ਨੇ ਕਿਹਾ ਕਿ 578 ਡਿਪੂਆਂ ਰਾਹੀਂ ਇੰਨਾਂ ਨੂੰ ਰਾਸ਼ਨ ਦੀ ਸਪਲਾਈ ਦਿੱਤੀ ਜਾਂਦੀ ਹੈ। ਇੰਨਾਂ ਵਿਚੋਂ 10648 ਅੰਤੋਦਿਆ ਅੰਨ ਯੋਜਨਾ ਕਾਰਡ ਧਾਰਕ ਹਨ ਜਿੰਨਾਂ ਨੂੰ ਪ੍ਰਤੀ ਪਰਿਵਾਰ 35 ਕਿਲੋ ਕਣਕ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ ਜਦ ਕਿ ਬਾਕੀ ਕਾਰਡ ਧਾਰਕਾਂ ਨੂੰ 5 ਕਿਲੋ ਕਣਕ ਪ੍ਰਤੀ ਜੀਅ ਪ੍ਰਤੀ ਮਹੀਨਾ 2 ਰੁਪਏ ਪ੍ਰਤੀ ਕਿਲੋ ਦੀ ਦਰ ਤੇ ਸਰਕਾਰ ਤੋਂ ਮੁਹਈਆ ਕਰਵਾਈ ਜਾਂਦੀ ਹੈ।ਵਿਧਾਇਕ ਸ੍ਰੀ ਨੱਥੂ ਰਾਮ ਨੇ ਕਿਹਾ ਕਿ ਇਸ ਸਕੀਮ ਨਾਲ ਹੁਣ ਲਾਭਪਾਤਰੀ ਪੰਜਾਬ ਵਿਚ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕੇਗਾ। ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਪਹਿਲਾਂ ਕੰਮਕਾਜੀ ਲੋਕ ਜਦ ਕੰਮ ਦੀ ਭਾਲ ਵਿਚ ਦੁਸਰੇ ਸ਼ਹਿਰ ਚੱਲੇ ਜਾਂਦੇ ਸਨ ਤਾਂ ਉਨਾਂ ਨੂੰ ਰਾਸ਼ਨ ਨਹੀਂ ਸੀ ਮਿਲਦਾ ਪਰ ਹੁਣ ਇੰਨਾਂ ਸਮਾਰਟ ਕਾਰਡ ਨਾਲ ਉਨਾਂ ਨੂੰ ਵੀ ਉਨਾਂ ਦਾ ਹੱਕ ਮਿਲ ਸਕੇਗਾ।ਇਸ ਮੌਕੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸ੍ਰੀ ਹੰਸ ਰਾਜ ਜੋਸਨ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ, ਚੇਅਰਮੈਨ ਸ: ਸੁਖਵੰਤ ਸਿੰਘ ਬਰਾੜ, ਯੂਥ ਕਾਂਗਰਸ ਪ੍ਰਧਾਨ ਸ੍ਰੀ ਰੁੱਬੀ ਗਿੱਲ, ਸ੍ਰੀ ਕਾਕਾ ਕੰਬੋਜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਕੁਮਾਰ, ਡੀਐਫਐਸਸੀ ਸ: ਗੁਰਪ੍ਰੀਤ ਸਿੰਘ ਕੰਗ ਵੀ ਹਾਜਰ ਸਨ।