ਡਿਪਟੀ ਕਮਿਸ਼ਨਰ ਨੇ ਮੈਕਸ ਹਸਪਤਾਲ ਵਿਖੇ ਅਪਗ੍ਰੇਡਡ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ ਦਾ ਕੀਤਾ ਉਦਘਾਟਨ
ਕਿਹਾ, ਨਿੱਜੀ ਹਸਪਤਾਲ ਕੋਵਿਡ ਦੇਖਭਾਲ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ
5 Dariya News
ਐਸ.ਏ.ਐਸ.ਨਗਰ 07-Sep-2020
ਸਰਕਾਰੀ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਨਿੱਜੀ ਸਿਹਤ ਸੰਸਥਾਵਾਂ ਕੋਵਿਡ -19 ਕਰਕੇ ਦਰਪੇਸ਼ ਚੁਣੌਤੀਆਂ ਦਾ ਸਫ਼ਲਤਾਪੂਰਵਕ ਟਾਕਰਾ ਕਰ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ ।ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਹਸਪਤਾਲਾਂ ਨੇ ਇਕਾਂਤਵਾਸ ਵਾਰਡਾਂ, ਵੈਂਟੀਲੇਟਰਾਂ ਅਤੇ ਆਈ.ਸੀ.ਯੂ. ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ ਅਤੇ ਇਸ ਮੁਸ਼ਕਲ ਸਮੇਂ ਪ੍ਰਸ਼ਾਸਨ ਨੂੰ ਪੂਰਾ ਸਮਰਥਨ ਦੇ ਰਹੇ ਹਨ। ਮੈਕਸ ਹਸਪਤਾਲ, ਮੁਹਾਲੀ ਵਿਖੇ ਮੌਜੂਦਾ ਲੈਵਲ 3 ਨਿਓਨਟਲ ਇੰਟੈਂਸਿਵ ਕੇਅਰ ਯੂਨਿਟ (ਐਨ.ਆਈ.ਸੀ.ਯੂ.) ਦਾ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਯੂਨਿਟ ਵਜੋਂ ਅਪਗ੍ਰੇਡ ਕੀਤੇ ਜਾਣ ਦਾ ਉਦਘਾਟਨ ਕਰਦੇ ਹੋਏ, ਸ੍ਰੀ ਦਿਆਲਨ ਨੇ ਉਮੀਦ ਜਤਾਈ ਕਿ ਸੂਬੇ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਐਨ.ਆਈ.ਸੀ.ਯੂ. ਇਕ ਹੋਰ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਮੈਕਸ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਨੇ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ ਨੂੰ ਅਪਗ੍ਰੇਡ ਕੀਤਾ ਹੈ। ਮੈਕਸ ਹਸਪਤਾਲ ਪਹਿਲਾਂ ਹੀ ਮਿਆਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ ਜਿਸ ਵਿੱਚ ਅਤਿ-ਆਧੁਨਿਕ ਇੰਕੂਬੇਟਰ, ਵੈਂਟੀਲੇਟਰ ਅਤੇ ਓਪਨ ਕੇਅਰ ਸਿਸਟਮ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ ਵਿਸ਼ੇਸ਼ ਤੌਰ 'ਤੇ ਬਹੁਤ ਕਮਜ਼ੋਰ ਤੇ ਬੀਮਾਰ ਬੱਚਿਆਂ ਦੀ ਨਿਗਰਾਨੀ ਅਤੇ ਪ੍ਰਬੰਧਨ ਦੌਰਾਨ ਪੈਰਾਮੀਟਰ ਵਿੱਚ ਨੁਕਸ ਬਾਰੇ ਜਾਣਕਾਰੀ ਦਿੰਦਾ ਹੈ ਤੇ ਇਸ ਦੇ ਨਾਲ ਹੀ ਬੱਚੇ ਦੀ ਜ਼ਰੂਰਤ ਅਨੁਸਾਰ ਇਕੋ ਕਲਿੱਕ 'ਤੇ ਵੈਂਟੀਲੇਟਰ, ਦਵਾਈਆਂ ਅਤੇ ਆਕਸੀਜਨ ਦਿੰਦਾ ਹੈ। ਇਸ ਤੋਂ ਇਲਾਵਾ ਇਸ ਯੂਨਿਟ ਵਿੱਚ ਨਵਜੰਮੇ ਬੱਚੇ ਨੂੰ ਲੋੜ ਮੁਤਾਬਕ ਸਾਰੇ ਟੈਸਟਾਂ ਤੇ ਹੋਰ ਸਿਹਤ ਸਹੂਲਤਾਵਾਂ ਦੇਣ ਦੀ ਵਿਵਸਥਾ ਵੀ ਵਧੀਆ ਢੰਗ ਨਾਲ ਕੀਤੀ ਗਈ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵੀਵਾਨ ਸਿੰਘ ਗਿੱਲ, ਵੀਪੀ ਆਪ੍ਰੇਸ਼ਨਜ਼ ਅਤੇ ਰੀਜ਼ਨਲ ਹੈੱਡ ਮੈਕਸ ਹੈਲਥਕੇਅਰ ਨੇ ਕਿਹਾ, "ਸਾਡਾ ਨਿਰੰਤਰ ਯਤਨ ਹੈ ਕਿ ਅਸੀਂ ਤਕਨਾਲੋਜੀ ਅਤੇ ਨਵੇਂ ਪ੍ਰੋਗਰਾਮਾਂ ਰਾਹੀਂ ਆਪਣੀ ਕਲੀਨਿਕਲ ਸਮਰੱਥਾ ਨੂੰ ਵਧਾਉਂਦੇ ਰਹੀਏ। ਇਸ ਨਵੇਂ ਕਲੀਨਿਕ ਦੀ ਸ਼ੁਰੂਆਤ ਨਾਲ ਸਾਰੇ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।" ਮੈਕਸ ਹਸਪਤਾਲ ਮੁਹਾਲੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਦਿਆਂ ਉਹਨਾਂ ਅੱਗੇ ਕਿਹਾ, "ਅਸੀਂ ਮਰੀਜ਼ਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ। ਕੋਵਿਡ ਅਤੇ ਹੋਰ ਮਰੀਜ਼ਾਂ ਦਾ ਵੱਖੋ-ਵੱਖਰੇ ਵਾਰਡਾਂ ਵਿੱਚ ਇਲਾਜ ਕੀਤਾ ਜਾਂਦਾ ਹੈ। ਸਾਰੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਸੁਰੱਖਿਆ ਦੇ ਸਾਰੇ ਉਪਾਅ ਅਤੇ ਸਾਵਧਾਨੀ ਵਰਤੀ ਜਾ ਰਹੀ ਹੈ।"