ਕੋਵਿਡ ਸੈਂਪਲਿੰਗ ਲਈ ਲੋਕਾਂ ਨੂੰ ਕੀਤਾ ਜਾਵੇ ਪ੍ਰੇਰਿਤ-ਡਿਪਟੀ ਕਮਿਸ਼ਨਰ
ਐਸਡੀਐਮ, ਤਹਿਸੀਲਦਾਰ, ਬੀਡੀਪੀਓ ਕਰਣਗੇ ਤਾਲਮੇਲ, ਸੈਂਪਲਿੰਗ ਟੀਮਾਂ ਦੀ ਗਿਣਤੀ ਵਧਾ ਕੇ 19 ਕੀਤੀ
5 Dariya News
ਅਬੋਹਰ 07-Sep-2020
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਕੋਵਿਡ ਸਬੰਧੀ ਹੋ ਰਹੀ ਸੈਂਪਲਿੰਗ ਦੀ ਸਮੀਖਿਆ ਲਈ ਬੈਠਕ ਕੀਤੀ।ਬੈਠਕ ਵਿੱਚ ਵੱਖ-ਵੱਖ ਸੈਂਪਲਿੰਗ ਟੀਮਾਂ ਦੇ ਡਾਕਟਰ ਹਾਜ਼ਰ ਸਨ।ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੈਂਪਲਿੰਗ ਟੀਮਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਰੋਜ਼ਾਨਾ ਲਏ ਜਾ ਰਹੇ ਸੈਂਪਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸੈਂਪਲਿੰਗ ਰਾਹੀਂ ਹੀ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ। ਉਨਾਂ ਨੇ ਆਖਿਆ ਕਿ ਹੁਣ ਜ਼ਿਲੇ ਵਿੱਚ ਸੈਂਪਲਿੰਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਵਧਾ ਕੇ 19 ਕੀਤੀ ਗਈ ਹੈ। ਉਨਾਂ ਨੇ ਦੱਸਿਆ ਕਿ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡਾਕਟਰੀ ਟੀਮਾਂ ਨਾਲ ਤਾਲਮੇਲ ਕਰਣਗੇ ਅਤੇ ਲੋਕਾਂ ਨੂੰ ਸੈਂਪਲਿੰਗ ਦੇ ਲਾਭ ਦੱਸਦੇ ਹੋਏ ਉਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਲੋਕ ਸੈਂਪਲਿੰਗ ਕਰਵਾਉਣ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਵਿਖਾਈ ਦੇਣ ਜਾਂ ਜੇਕਰ ਕੋਈ ਕੋਵਿਡ ਪਾਜਿਟਿਵ ਦੇ ਸੰਪਰਕ ਵਿਚ ਆਇਆ ਹੋਵੇ ਤਾਂ ਉਹ ਤੁਰੰਤ ਟੈਸਟ ਕਰਵਾਏ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ, ਜਲਾਲਾਬਾਦ, ਅਬੋਹਰ, ਸੀਤੋ, ਖੂਈਖੇੜਾ, ਜੰਡਵਾਲਾ ਭੀਮੇਸ਼ਾਹ,ਡਬਵਾਲਾ ਕਲਾਂ ਵਿਖੇ ਰੋਜ਼ਾਨਾ ਸਵੇਰੇ 9 ਤੋਂ 1 ਵਜੇ ਤੱਕ ਸੈਂਪਲ ਲਏ ਜਾਂਦੇ ਹਨ।ਕੋਵਿਡ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਾਜਿਟਿਵ ਮਰੀਜ਼ਾ ਦੇ ਸੰਪਰਕਾ ਦੀ ਪਹਿਚਾਣ ਕਰਕੇ ਉਨਾਂ ਦੇ ਸੈਂਪਲ ਵੀ ਲਏ ਜਾਣ। ਉਨਾਂ ਨੇ ਕਿਹਾ ਕਿ ਕੈਨਟੇਨਮੈਂਟ ਜੋਨ ਵਿਚ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਵੇ।ਬੈਠਕ ਵਿੱਚ ਏਡੀਸੀ ਵਿਕਾਸ ਸ੍ਰੀ ਨਵਲ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਸ. ਕਵਰਜੀਤ ਸਿੰਘ ਵੀ ਹਾਜ਼ਰ ਸਨ।
ਫਾਜ਼ਿਲਕਾ ਵਿੱਚ 23 ਜਣੇ ਹੋਏ ਠੀਕ
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬੀਤੇ 24 ਘੰਟਿਆ ਵਿੱਚ 23 ਜਣੇ ਕੋਵਿਡ ਨੂੰ ਹਰਾ ਕੇ ਠੀਕ ਹੋ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਵਿੱਚ ਕੁਲ 25 ਨਵੇ ਕੇਸ ਆਏ ਹਨ ਜਿਨਾ ਵਿੱਚ 23 ਫਾਜ਼ਿਲਕਾ ਜ਼ਿਲੇ ਦੇ ਨਾਲ ਸਬੰਧਤ ਹਨ।ਇਸ ਤਰਾਂ ਫਾਜ਼ਿਲਕਾ ਵਿੱਚ ਹੁਣ ਤੱਕ ਕੁਲ ਪਾਜਿਟਿਵ ਕੇਸ 1152 ਹੋ ਗਏ ਹਨ। ਜਦ ਕਿ ਜ਼ਿਲੇ ਵਿੱਚ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 674 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸ 460 ਹਨ ਅਤੇ ਮੌਤਾਂ 18 ਹੋਈਆਂ ਹਨ।
ਟੈਸਟ ਦੇਣ ਹੌਕੇ ਘਰ ਵਿਖੇ ਇਕਾਂਤਵਾਸ ਹੋਣ ਲਈ ਭਰਿਆ ਜਾ ਸਕਦਾ ਹੈ ਫਾਰਮ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਜਦੋ ਕੋਈ ਵਿਅਕਤੀ ਸੈਂਪਲ ਦੇਵੇਗਾ ਉਸੇ ਸਮੇਂ ਉਸਦੇ ਸਿਹਤ ਦੀ ਸਥਿਤੀ ਵੇਖਦਿਆ ਉਸ ਨੂੰ ਇਕ ਫਾਰਮ ਦਿੱਤਾ ਜਾਵੇਗਾ।ਜਿੰਨਾ ਦੀ ਸਿਹਤ ਸਮੱਸਿਆ ਨਹੀਂ ਹੋਵੇਗੀ ਉਹ ਇਹ ਫਾਰਮ ਭਰ ਕੇ ਦੇ ਸਕਦੇ ਹਨ ਕਿ ਜੇਕਰ ਉਸ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿ ਸਕੇਗਾ। ਉਨਾਂ ਨੇ ਇਹ ਵੀ ਦੱਸਿਆ ਕਿ ਹੁਣ ਪਾਜਿਟਿਵ ਕੇਸਾ ਦੇ ਘਰਾਂ ਅੱਗੇ ਪੋਸਟਰ ਵੀ ਨਹੀਂ ਲਾਏ ਜਾਣਗੇ।