5 Dariya News

ਜਿਲ੍ਹੇ ਦੇ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਕੇ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ

ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਨੇ ਮਾਪਿਆਂ ਦਾ ਵਿਸਵਾਸ਼ ਜਿੱਤਿਆ

5 Dariya News

ਬਰਨਾਲਾ 01-Sep-2020

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲ਼ਾ ਦੀ ਅਗਵਾਈ ਹੇਠ ਸਕੱੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਆਰੰਭ ਕੀਤੀ ਸਿੱਖਿਆ ਸੁਧਾਰ ਮੁਹਿੰਮ ਆਪਣੇ ਸੁਨਹਿਰੀ ਦੌਰ ਵਿੱਚ ਗੁਜਰ ਰਹੀ ਹੈ। ਸਮਾਰਟ ਸਕੂਲ ਮੁਹਿੰਮ ਤਹਿਤ ਜਿਲ੍ਹੇ ਦੇ ਤਕਰੀਬਨ 95 ਫੀਸਦੀ ਸਰਕਾਰੀ ਸਕੂਲ, ਸਮਾਰਟ ਸਕੂਲਾਂ 'ਚ ਤਬਦੀਲ ਹੋ ਗਏ ਹਨ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਨਿਸ਼ਚਤ ਕੀਤੇ ਮਾਪਦੰਡਾਂ ਅਨੁਸਾਰ ਜਿਲ੍ਹੇ  ਦੇ 115 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 110 ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ 3 ਸਕੂਲਾਂ ਵਿੱਚ ਸਮਾਰਟ ਸਕੂਲਾਂ ਦੇ ਪੈਰਾਮੀਟਰਾਂ ਦੀ ਪੂਰਤੀ ਦਾ ਕੰਮ ਚੱਲ ਰਿਹਾ ਹੈ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਲ੍ਹੇ ਦੇ ਕੁੱਲ 182 ਪ੍ਰਾਇਮਰੀ ਸਕੂਲਾਂ ਵਿੱਚੋਂ 153 ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ 21 ਸਕੂਲਾਂ ਵਿੱਚ ਪੈਰਾਮੀਟਰਾਂ ਦੀ ਪੂਰਤੀ ਦਾ ਕੰਮ ਚੱਲ ਰਿਹਾ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ, ਦਿੱਖ ਅਤੇ ਅਕਾਦਮਿਕ ਪੱਖੋਂ ਸਮਾਰਟ ਬਣਾਉਣ ਦੇ ਕਾਰਜ਼ ਵਿੱਚ ਸਮਾਜ ਦੀ ਭੂਮਿਕਾ ਬੜੀ ਅਹਿਮ ਹੈ।ਉਹਨਾਂ ਕਿਹਾ ਕਿ ਵਿਭਾਗ ਵੱਲੋਂ ਮਾਰਗ ਦਰਸ਼ਕ ਅਤੇ ਪ੍ਰੇਰਕ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਸਮੱਗਰਾ ਸਿੱਖਿਆ ਅਭਿਆਨ ਤਹਿਤ ਸਕੂਲਾਂ ਨੂੰ ਗ੍ਰਾਂਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। 

ਇਸ ਤੋਂ ਇਲਾਵਾ ਸਰਕਾਰ ਵਲੋਂ 60:40 ਦੇ ਅਨੁਪਾਤ ਨਾਲ ਸਮਾਰਟ ਸਕੂਲ ਬਣਾਉਣ ਦੀ ਨੀਤੀ ਵੀ ਬਣਾਈ ਗਈ ਹੈ ਜਿਸ ਤਹਿਤ ਸਰਕਾਰ ਵਲੋਂ ਸਕੂਲ਼ਾਂ ਨੂੰ ਮਾਲੀ ਮੱਦਦ ਦਿੱਤੀ ਗਈ ਹੈ।ਜਿਲ੍ਹਾ ਸਮਾਰਟ ਸਕੂਲ ਕੋ-ਆਰਡੀਨੇਟਰ ਡਾ.ਰਵਿੰਦਰਪਾਲ ਸਿੰਘ ਅਤੇ ਸਹਾਇਕ ਸਮਾਰਟ ਸਕੂਲ ਕੋ-ਆਰਡੀਨੇਟਰ ਸ੍ਰ ਜਗਸੀਰ ਸਿੰਘ ਨੇ ਦੱਸਿਆ ਕਿ ਸਮਾਰਟ ਸਕੂਲਾਂ ਦੇ ਮਾਪਦੰਡਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੀਆਂ ਤਕਨੀਕਾਂ ਅਤੇ ਗਤੀਵਿਧੀਆਂ 'ਤੇ ਅਧਾਰਿਤ ਸਿੱਖਣ-ਸਿਖਾਓੁਣ ਵਿਧੀਆਂ ਨੂੰ ਸਕੂਲ ਪੱਧਰ ਤੇ ਅਮਲੀ ਜਾਮਾ  ਪਹਿਨਾਉਣ ਲਈ ਸਕੂਲਾਂ ਵਿੱਚ ਲੋੜੀਦੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਵਾਉਣ ਤੋਂ ਇਲਾਵਾ ਸਿੱਖਣ ਸਿਖਾਉਣ ਦੇ ਆਧੁਨਿਕ ਉਪਕਰਣ ਪ੍ਰਾਜੈਕਟਰ ਤੇ ਐਲ.ਈ.ਡੀਜ਼, ਕਲਰ ਕੋਡਿੰਗ, ਸੁੰਦਰ ਗੇਟ, ਸਕੂਲ ਵਿੱਚ ਵਿੱਦਿਅਕ ਵਾਤਾਵਰਨ ਤਿਆਰ ਕਰਨ ਲਈ ਬਾਲਾ ਵਰਕ (ਬਿਲਡਿੰਗ ਐਜ ਲਰਨਿੰਗ ਏਡ), ਐਲ.ਈ.ਡੀ/ਕੰਪਿਊਟਰ ਲੈਬ, ਈ-ਕੰਟੈਂਟ, ਸੁੰਦਰ ਤੇ ਮਿਆਰੀ ਵਰਦੀ, ਟਾਈ, ਬੈਲਟ ਅਤੇ ਪਹਿਚਾਣ ਪੱਤਰ ਸ਼ਾਮਲ ਹਨ।ਉਹਨਾਂ ਕਿਹਾ ਕਿ ਇਹ ਮੁਹਿੰਮ ਹੁਣ ਇੱਕ ਲੋਕ ਲਹਿਰ ਵਿੱਚ ਪਰਿਵਰਤਿਤ ਹੋ ਗਈ ਹੈ।ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਸਮਾਰਟ ਹਾਈ ਸਕੂਲ ਨੈਣੇਵਾਲ ਦੀ ਹੈੱਡਮਿਸਟ੍ਰੈਸ ਸ੍ਰੀਮਤੀ ਸੁਰੇਸ਼ਟਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਸਮਾਜ ਅਤੇ ਸਰਕਾਰੀ ਭਾਗੀਦਾਰੀ ਨਾਲ ਵਿਦਿਆਰਥੀਆਂ ਲਈ ਬੁਨਿਆਦੀ ਸਹੂਲਤਾਂ, ਖੇਡ ਸਹੂਲਤਾਂ ਐਜੂਸੈੱਟ ਅਤੇ ਐਲ.ਸੀ.ਡੀਜ਼ ਉਪਲਬਧ ਕਰਵਾ ਕੇ ਪੜ੍ਹਨ ਦੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ  ਸਮਾਰਟ ਸਕੂਲਾਂ ਵਿੱਚ ਤਬਦੀਲ ਹੋਏ ਜਿਲ੍ਹੇ ਦੇ ਸਰਕਾਰੀ ਸਕੂਲ ਬਦਲੀ ਨੁਹਾਰ ਬਦੌਲਤ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ।ਸਮਾਰਟ ਬਣੇ ਸਕੂਲਾਂ ਵਿੱਚ ਅਪਣਾਈਆਂ ਜਾ ਰਹੀਆਂ ਅਤਿ-ਆਧੁਨਿਕ ਪੜ੍ਹਾਉਣ ਤਕਨੀਕਾਂ ਅਤੇ ਵਿਦਿਆਰਥੀਆਂ ਲਈ ਖੁਸ਼ਨੁਮਾ ਮਾਹੌਲ ਨੇ ਵੱਡੇ ਪੱਧਰ ਤੇ ਮਾਪਿਆਂ ਅਤੇ ਬੱਚਿਆਂ ਨੂੰ ਆਕਰਸ਼ਿਤ ਕੀਤਾ ਹੈ।ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਮੌਜ਼ੂਦਾ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਇਆ ਇਜ਼ਾਫਾ ਅਤੇ ਬੋਰਡ ਜਮਾਤਾਂ ਦੇ ਆਏ ਸ਼ਾਨਦਾਰ ਨਤੀਜੇ ਇਸ ਦਾ ਪ੍ਰਤੱਖ ਪ੍ਰਮਾਣ ਹਨ।