ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆਂ ਲਈ ਆਨਲਾਈਨ ਸਿਖਲਾਈ ਪ੍ਰੋਗਰਾਮ ਕੀਤਾ ਸ਼ੁਰੂ
ਖਿਡਾਰੀਆਂ ਨੂੰ ਸਿਖਲਾਈ ਦੇ ਨੁਕਤੇ ਤੇ ਰੋਜ਼ਾਨਾ ਦੀ ਖੁਰਾਕ ਬਾਰੇ ਆਨਲਾਈਨ ਸਾਰਣੀ ਮੁਹੱਈਆ ਕਰਨਗੇ ਜ਼ਿਲ੍ਹਾ ਖੇਡ ਅਫ਼ਸਰ ਤੇ ਕੋਚ
5 Dariya News
ਚੰਡੀਗੜ੍ਹ 27-Aug-2020
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਖਿਡਾਰੀਆਂ ਲਈ ਸੂਬਾ ਪੱਧਰੀ ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਇਤਿਹਾਸਕ ਮੌਕੇ ਦਾ ਗਵਾਹ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਖੇਡ ਅਫ਼ਸਰਾਂ ਤੇ ਕੋਚ ਅਤੇ ਖੇਡ ਵਿਭਾਗ ਦੇ ਮੁੱਖ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਣੇ, ਜਿਹੜੇ ਆਨਲਾਈਨ ਮਾਧਿਅਮ ਉਤੇ ਹਾਜ਼ਰ ਸਨ।ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਦੀ ਹਾਜ਼ਰੀ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੋਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਹ ਆਨਲਾਈਨ ਸਿਖਲਾਈ ਪ੍ਰੋਗਰਾਮ ਖਿਡਾਰੀਆਂ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰੇਗਾ ਅਤੇ ਕੋਵਿਡ-19 ਤੋਂ ਬਾਅਦ ਹੋਣ ਵਾਲੇ ਅਗਲੇ ਸੂਬਾਈ, ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਰਹਿਣ ਦਾ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਅਗਾਂਹ ਤੋਂ ਜ਼ਿਲ੍ਹਾ ਖੇਡ ਅਫ਼ਸਰ ਤੇ ਕੋਚ ਆਨਲਾਈਨ ਮਾਧਿਅਮ ਰਾਹੀਂ ਸਿਖਲਾਈ ਪ੍ਰੋਗਰਾਮ, ਨਵੀਆਂ ਖੇਡ ਤਕਨੀਕਾਂ ਤੇ ਨੁਕਤੇ ਅਤੇ ਰੋਜ਼ਾਨਾ ਖੁਰਾਕ ਸਾਰਣੀ ਸਿੱਧਾ ਖਿਡਾਰੀਆਂ ਨੂੰ ਭੇਜਣਗੇ ਤਾਂ ਕਿ ਉਨ੍ਹਾਂ ਦਾ ਸਰੀਰ ਫੁਰਤੀਲਾ ਬਣਿਆ ਰਿਹਾ।ਬਾਅਦ ਵਿੱਚ ਸੀਨੀਅਰ ਅਧਿਕਾਰੀਆਂ, ਜ਼ਿਲ੍ਹਾ ਖੇਡ ਅਫ਼ਸਰਾਂ, ਕੋਚਾਂ ਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਸਿਖਲਾਈ ਤੋਂ ਇਲਾਵਾ ਖਿਡਾਰੀਆਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਸਿਹਤ ਪ੍ਰੋਟੋਕੋਲ ਤੇ ਹੋਰ ਇਹਤਿਆਤੀ ਕਦਮਾਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਖਿਡਾਰੀਆਂ ਨੂੰ ਮੈਦਾਨ ਵਿੱਚ ਵਾਪਸੀ ਲਈ ਤਿਆਰ ਰੱਖਣਾ ਹੈ।ਇਸ ਮੌਕੇ ਡਿਪਟੀ ਡਾਇਰੈਕਟਰ ਖੇਡਾਂ ਕਰਤਾਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।