5 Dariya News

ਪਟਿਆਲਾ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਕੀਤਾ ਨਿਵੇਕਲਾ ਉਪਰਾਲਾ

ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਜਾਰੀ

5 Dariya News

ਪਟਿਆਲਾ 25-Aug-2020

ਪਟਿਆਲਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਜਿਥੇ ਇੰਨ ਬਿੰਨ ਪਾਲਣਾ ਕਰਵਾਈ ਜਾ ਰਹੀ ਹੈ, ਉਥੇ ਹੀ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੋਵਿਡ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜ਼ਿਲ੍ਹੇ 'ਚ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਜਾਗਰੂਕ ਕਰਨ ਦੇ ਮਕਸਦ ਨਾਲ ਪੋਸਟਰ ਬਣਾਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਲਗਾਏ ਜਾ ਰਹੇ ਹਨ, ਜਿਸ ਵਿੱਚ ਮਾਸਕ ਨੂੰ ਸਹੀ ਦਾ ਪਹਿਨਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨ ਸਬੰਧੀ ਸੁਨੇਹਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਲੋੜਵੰਦਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ।  ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।