5 Dariya News

ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ 'ਚੋਂ ਹੁਣ ਤੱਕ 550 ਮਰੀਜ਼ ਹੋਏ ਸਿਹਤਯਾਬ

ਅੱਜ 22 ਮਰੀਜ਼ਾਂ ਨੂੰ ਮਿਲੀ ਛੁੱਟੀ, ਜਾਣ ਮੌਕੇ ਕੋਵਿਡ ਕੇਅਰ ਸਟਾਫ਼ ਦਾ ਕੀਤਾ ਧੰਨਵਾਦ

5 Dariya News

ਪਟਿਆਲਾ 22-Aug-2020

ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਪਟਿਆਲਾ ਵੱਲੋਂ ਕੋਵਿਡ ਖ਼ਿਲਾਫ਼ ਲੜਾਈ 'ਚ ਅਹਿਮ ਯੋਗਦਾਨ ਪਾਉਂਦਿਆਂ ਹੁਣ ਤੱਕ ਮਿਸ਼ਨ ਫ਼ਤਿਹ ਤਹਿਤ 550 ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਜਾ ਚੁੱਕਾ ਹੈ।ਕੋਵਿਡ ਕੇਅਰ ਇੰਚਾਰਜ ਡਾ. ਪ੍ਰੀਤੀ ਯਾਦਵ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ (ਲੈਵਲ-1) 'ਚ ਹੁਣ ਤੱਕ 657 ਮਰੀਜ਼ਾਂ ਦੀ ਆਮਦ ਹੋਈ ਹੈ, ਜਿਸ ਵਿੱਚੋਂ ਅੱਜ ਦੇ 22 ਮਰੀਜ਼ਾਂ ਨੂੰ ਮਿਲਾ ਕੇ ਹੁਣ ਤੱਕ 550 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਥੇ ਦਾਖਲ ਮਰੀਜ਼ਾਂ ਦੀ ਸਿਹਤ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਸਵੇਰੇ ਸਮੇਂ ਇੱਕ ਕੱਪ ਚਾਹ, ਸਵੇਰ ਦੇ ਨਾਸ਼ਤੇ 'ਚ ਖਿਚੜੀ, ਦਹੀਂ, ਪਰਾਂਠਾ, ਦਹੀਂ-ਪੁਲਾਓ, ਦੁੱਧ, ਦੁਪਹਿਰ ਦੇ ਖਾਣੇ 'ਚ ਸਬਜ਼ੀ/ਦਾਲ/ਕੜ੍ਹੀ, ਰੋਟੀ ਤੇ ਸਲਾਦ, ਸ਼ਾਮ ਚਾਰ ਵਜੇ ਜੂਸ, ਸ਼ਾਮ 5 ਵਜੇ ਚਾਹ, ਰਾਤ ਦੇ ਖਾਣੇ 'ਚ ਸਬਜ਼ੀ/ਦਾਲ/ਕੜ੍ਹੀ, ਰੋਟੀ ਤੇ ਸਲਾਦ ਦਿੱਤਾ ਜਾਂਦਾ ਹੈ।ਅੱਜ ਕੋਵਿਡ ਕੇਅਰ ਸੈਂਟਰ 'ਚੋਂ ਸਿਹਤਯਾਬ ਹੋ ਕੇ ਆਪਣੇ ਘਰ ਜਾ ਰਹੇ ਲਖਵਿੰਦਰ ਸਿੰਘ, ਸ੍ਰੀ ਰਾਮ, ਦਵਿੰਦਰ ਸਿੰਘ, ਮਾਨਵ ਅਤੇ ਸ਼ਾਲੂ ਨੇ ਇਥੇ ਤਾਇਨਾਤ ਮਿਹਨਤੀ ਸਟਾਫ਼ ਦੀ ਸਿਫ਼ਤ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਦੇਖਭਾਲ ਸਦਕਾ ਅੱਜ ਉਹ ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼, ਵਾਰਡ ਅਟੈਂਡੈਂਟ ਅਤੇ ਸਫ਼ਾਈ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਹਰ ਛੋਟੀ ਤੋਂ ਛੋਟੀ ਜ਼ਰੂਰਤ ਦਾ ਵੀ ਖਿਆਲ ਰੱਖਿਆ ਗਿਆ ਹੈ।

ਫ਼ੋਟੋ ਕੈਪਸ਼ਨ: ਕੋਵਿਡ ਕੇਅਰ ਤੋਂ ਛੁੱਟੀ ਸਮੇਂ ਲਖਵਿੰਦਰ ਸਿੰਘ।