ਮਿਸ਼ਨ ਫਤਿਹ : ਮੋਹਾਲੀ ਵਿਚ ਕੀਤੀ ਗਈ ਪਹਿਲੀ ਕੋਵਿਡ-19 ਪਲਾਜ਼ਮਾ ਥੈਰੇਪੀ
ਕੋਰੋਨਾ ਵਾਰੀਅਰ ਐਸਡੀਐਮ ਨੇ ਸਾਥੀ ਕੋਵਿਡ ਪਾਜੇਟਿਵ ਡੀਐਸਪੀ ਨੂੰ ਕੀਤਾ ਪਲਾਜ਼ਮਾ ਦਾਨ
5 Dariya News
ਐਸ ਏ ਐਸ ਨਗਰ 20-Aug-2020
ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਐਸਡੀਐਮ ਵੱਲੋਂ ਸਾਥੀ ਅਧਿਕਾਰੀ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਸਬੰਧੀ ਟਵੀਟ ਕਰਦਿਆਂ ਕਿਹਾ, “ਇਕ ਕੋਰੋਨਾ ਵਾਰੀਅਰ ਵੱਲੋਂ ਦੂਜੇ ਨੂੰ ਵਾਰੀਅਰ ਨੂੰ ਪਲਾਜ਼ਮਾ ਦਾਨ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਕੋਵੀਡ ਵਾਰੀਅਰ ਐਸਡੀਐਮ ਮੁਹਾਲੀ, ਜਗਦੀਪ ਸਹਿਗਲ ਨੇ ਫੋਰਟਿਸ ਹਸਪਤਾਲ ਵਿਖੇ ਕੋਵੀਡ ਨਾਲ ਲੜ ਰਹੇ ਡੀਐਸਪੀ ਖਰੜ, ਪਾਲ ਸਿੰਘ ਨੂੰ ਪਲਾਜ਼ਮਾ ਦਾਨ ਕੀਤਾ ਹੈ ਅਤੇ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਮੈਂ ਹੋਰ ਵਰੀਅਰਜ਼ ਨੂੰ ਅੱਗੇ ਆ ਕੇ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕਰਦਾ ਹਾਂ। ”ਮੋਹਾਲੀ ਵਿਖੇ ਵੀਰਵਾਰ ਦੇਰ ਸ਼ਾਮ ਕੀਤੀ ਗਈ ਪਹਿਲੀ ਕੋਵਿਡ -19 ਪਲਾਜ਼ਮਾ ਥੈਰੇਪੀ ਵਿਚ, ਨੌਜਵਾਨ ਕੋਰੋਨਾ ਵਰੀਅਰ ਐਸਡੀਐਮ ਜਗਦੀਪ ਸਹਿਗਲ, ਜੋ ਲਗਭਗ ਤਿੰਨ ਹਫਤੇ ਪਹਿਲਾਂ ਕੋਵਿਡ ਤੋਂ ਠੀਕ ਹੋਏ, ਨੇ ਆਪਣੇ ਸਹਿਯੋਗੀ ਕੋਵਿਡ ਪਾਜੇਟਿਵ ਡੀਐਸਪੀ ਪਾਲ ਸਿੰਘ ਨੂੰ ਪਲਾਜ਼ਮਾ ਦਾਨ ਕੀਤਾ, ਜਿਹਨਾਂ ਦੀ ਹਾਲਤ ਇਕ ਰਾਤ ਪਹਿਲਾਂ ਅਚਾਨਕ ਵਿਗੜ ਗਈ ਸੀ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁੱਢਲੇ ਟੈਸਟ ਵਿਚ ਐਸਡੀਐਮ ਜਗਦੀਪ ਸਹਿਗਲ ਨੂੰ ਐਂਟੀਬਾਡੀਜ਼ ਅਤੇ ਖੂਨ ਦੇ ਸਹੀ ਮਿਲਾਣ ਨਾਲ ਯੋਗ ਡੋਨਰ ਪਾਇਆ ਗਿਆ।ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਅਤੇ ਮਾਹਰ ਕਮੇਟੀ ਵਲੋਂ ਮੁਹਾਲੀ ਦੇ ਤਿੰਨ ਹਸਪਤਾਲਾਂ ਫੋਰਟਿਸ, ਮੈਕਸ ਅਤੇ ਗ੍ਰੀਸ਼ੀਅਨ ਨੂੰ ਪਲਾਜ਼ਮਾ ਥੈਰੇਪੀ ਕਰਨ ਦੀ ਆਗਿਆ ਦੇਣ ਲਈ ਧੰਨਵਾਦ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਇਹ ਸਹੂਲਤ ਹੋਰ ਪਲਾਜ਼ਮਾ ਦਾਨ ਕਰਨ ਦੇ ਇਛੁੱਕ ਵਿਅਕਤੀਆਂ ਨੂੰ ਅੱਗੇ ਆਉਣ ਲਈ ਉਤਸ਼ਾਹਤ ਕਰੇਗੀ, ਜਿਨ੍ਹਾਂ ਨੂੰ ਪਲਾਜਮਾ ਮੈਚ ਕਰਵਾਉਣ ਲਈ ਪਟਿਆਲਾ, ਫਰੀਦਕੋਟ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ, ਹੁਣ ਇਥੇ ਹੀ ਆਸਾਨੀ ਨਾਲ ਇਹ ਸੇਵਾਵਾਂ ਉਪਲੱਬਧ ਹਨ। ਜ਼ਿਲ੍ਹੇ ਵਿੱਚ ਪਹਿਲੀ ਕੋਵਿਡ -19 ਪਲਾਜ਼ਮਾ ਥੈਰੇਪੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਕੋਵਿਡ 19 ਦੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ ਟੀਮ ਪਲਮਨੋਲੋਜਿਸਟਜ਼ ਅਤੇ ਇਨਟੈਨਸੈਵਿਸਟਾਂ ਦਾ ਇੱਕ ਗਰੁੱਪ ਹੈ - ਜਿਸ ਵਿੱਚ ਡਾ. ਜ਼ਫਰ, ਡਾ. ਸੁਨੀਲ, ਡਾ. ਨਵਰੀਤ ਅਤੇ ਡਾ. ਮੋਹਿਤ ਦੀ ਅਗਵਾਈ ਵਿੱਚ ਡਾ. ਏ ਕੇ ਮੰਡਲ ਅਤੇ ਸਿਸਟਰ ਸਰਬਜੀਤ ਅਤੇ ਉਨ੍ਹਾਂ ਨਾਲ ਸਬੰਧਤ ਮੈਡੀਕਲ ਅਤੇ ਨਰਸਿੰਗ ਟੀਮਾਂ ਸ਼ਾਮਲ ਹਨ। ਫੋਰਟਿਸ ਹਸਪਤਾਲ ਮੁਹਾਲੀ ਅਪ੍ਰੈਲ 2020 ਤੋਂ ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ ਅਤੇ ਹੁਣ ਤੱਕ 100 ਤੋਂ ਵੱਧ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰ ਚੁੱਕਾ ਹੈ। ਟੀਮ ਨੇ ਅੱਜ ਆਪਣੀ ਪਹਿਲੀ ਕਨਵੈਲਸਮੈਟ ਪਲਾਜ਼ਮਾ ਥੈਰੇਪੀ ਪੰਜਾਬ ਦੇ ਇੱਕ ਪੁਲਿਸ ਅਧਿਕਾਰੀ ‘ਤੇ ਕੀਤੀ ਜੋ ਇਸ ਸਮੇਂ ਆਈਸੀਯੂ ਵਿੱਚ ਇਲਾਜ ਅਧੀਨ ਹਨ।ਇਸ ਥੈਰੇਪੀ ਵਿਚ ਐਸਡੀਐਮ ਮੁਹਾਲੀ, ਜਗਦੀਪ ਸਹਿਗਲ ਨੇ ਆਪਣੇ ਸਾਥੀ-ਇਕ ਪੁਲਿਸ ਅਧਿਕਾਰੀ ਨੂੰ ਪਲਾਜ਼ਮਾ ਐਂਟੀਬਾਡੀ ਦਾਨ ਕੀਤਾ। ਜ਼ਿਕਰਯੋਗ ਹੈ ਕਿ ਫੋਰਟਿਸ ਮੋਹਾਲੀ ਬਲੱਡ ਬੈਂਕ ਨੂੰ ਵਿਸ਼ੇਸ਼ ਪ੍ਰਕਿਰਿਆਵਾਂ ਜਿਵੇਂ ਪਲਾਜ਼ਮਾਫੇਰੀਸਿਸ ਅਤੇ ਪਲੇਟਲੈਟ ਐਫੇਰੀਸਿਸ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਇਕ ਡੋਨਰ ਨੂੰ ਪਲਾਜਮਾਂ ਦਾਨ ਕਰਨ ਦੇ ਯੋਗ ਬਣਨ ਲਈ ਪਹਿਲਾਂ ਕੋਵਿਡ (ਆਈਜੀਜੀ) ਐਂਟੀਬਾਡੀਜ਼ ਸਬੰਧੀ ਟੈਸਟ ਕੀਤਾ ਜਾਂਦਾ ਹੈ। ਵਿਸ਼ੇਸ਼ ਪਲਾਜ਼ਮਾ ਮਸ਼ੀਨਾਂ ਫਿਰ ਖੂਨ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ ਕਰਦੀਆਂ ਹਨ, ਸਿਰਫ ਲੋੜੀਂਦੇ ਹਿੱਸੇ ਨੂੰ ਰੱਖ ਕੇ ਬਾਕੀ ਖੂਨ ਡੋਨਰ ਨੂੰ ਵਾਪਸ ਕਰ ਦਿੰਦੀਆਂ ਹਨ।