5 Dariya News

ਮਸਕਟ 'ਰੀਤ' ਅਪਣਾਉਣ ਵਾਲਾ ਪਹਿਲਾ ਜਿਲਾ ਬਣਿਆ ਕਪੂਰਥਲਾ

ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਕਾਰੋਬਾਰ ਤੇ ਰੋਜ਼ਗਾਰ ਬਿਊਰੋ ਦਾ ਲੋਗੋ

5 Dariya News

ਕਪੂਰਥਲਾ 19-Aug-2020

ਕਪੂਰਥਲਾ ਪੰਜਾਬ ਦਾ ਪਹਿਲਾ ਅਜਿਹਾ ਜਿਲਾ ਬਣ ਗਿਆ ਹੈ, ਜਿੱਥੇ ਜਿਲਾ ਕਾਰੋਬਾਰ ਤੇ ਰੋਜ਼ਗਾਰ ਬਿਊਰੋ ਵਲੋਂ ਆਪਣਾ ਮਸਕਟ ਲੋਗੋ ਅਪਣਾਇਆ ਗਿਆ ਹੈ, ਜੋ ਕਿ ਭਵਿੱਖ ਵਿਚ ਬਿਊਰੋ ਦੀਆਂ ਯੋਜਨਾਵਾਂ, ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਉਨਾਂ ਨੂੰ ਅਗਵਾਈ ਪ੍ਰਦਾਨ ਕਰਨ ਲਈ ਕੀਤੇ ਜਾਂਦੇ ਪ੍ਰਚਾਰ ਤੇ ਪ੍ਰਸਾਰ ਦਾ ਪ੍ਰਤੀਕ ਹੋਵੇਗਾ।ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐਸ.ਡੀ.ਐਮ. ਸੁਲਤਾਨਪੁਰ ਲੋਧੀ ਤੇ ਹੋਰ ਅਧਿਕਾਰੀਆਂ ਨਾਲ  ਰੋਜ਼ਗਾਰ ਬਿਊਰੋ ਦੇ ਮਸਕਟ ਲੋਗੋ ਨੂੰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮਸਕਟ ਸਮਾਜਿਕ ਸੁਰੱਖਿਆ ਵਿਭਾਗ ਦੇ 'ਸੁੱਖੀ ਭੈਣ ਜੀ' ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਸਕਟ 'ਰੌਣਕ ਸਿੰਘ' ਦੀ ਤਰਜ ਉੱਪਰ ਤਿਆਰ ਕੀਤਾ ਗਿਆ ਹੈ ਪਰ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸਦੀ ਚੋਣ ਜਿਲੇ ਭਰ ਵਿਚੋਂ ਵਿਦਿਆਰਥੀਆਂ ਵਲੋਂ ਕੀਤੇ ਚਰਿੱਤਰ ਚਿਤਰਣ ਵਿਚੋਂ ਕੀਤੀ ਗਈ ਹੈ।ਉਨਾਂ ਦੱਸਿਆ ਕਿ ਵਿਭਾਗ ਵਲੋਂ ਵਿਦਿਆਰਥੀਆਂ ਦੁਆਰਾ ਚਰਿੱਤਰ ਚਿਤਰਣ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿਚ ਜਿਲੇ ਭਰ ਵਿਚੋਂ ਪਿੰਡ ਹੈਬੋਵਾਲ ਦੀ ਵਸਨੀਕ ਵਿਦਿਆਰਥਣ ਅਨੁਰੀਤ ਕੌਰ ਵਲੋਂ ਤਿਆਰ ਕੀਤਾ ਮਸਕਟ ਪਹਿਲੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਢਪਈ ਪਿੰਡ ਦੇ ਵਿਦਿਆਰਥੀ ਬਲਕਰਨ ਸਿੰਘ ਵਲੋਂ ਤਿਆਰ ਚਰਿੱਤਰ  'ਉੱਦਮੀ ਚਾਚਾ' ਨੂੰ ਦੁਜਾ ਸਥਾਨ ਮਿਲਿਆ ਜਦਕਿ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਰੇਖਾ ਵਲੋਂ ਤਿਆਰ ਚਰਿੱਤਰ ਨੂੰ ਤੀਜਾ ਸਥਾਨ ਹਾਸਿਲ ਹੋਇਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਵਿੱਖ ਵਿਚ ਰੋਜ਼ਗਾਰ ਬਿਊਰੋ ਵਲੋਂ ਨੌਜਵਾਨਾਂ  ਨੂੰ ਰੁਜ਼ਗਾਰ ਪ੍ਰਾਪਤੀ ਤੇ ਸਵੈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਪ੍ਰਤੀਬਿੰਬ ਇਹ ਮਸਕਟ 'ਰੀਤ' ਹੀ ਹੋਵੇਗਾ। ਉਨਾਂ ਦੱਸਿਆ ਕਿ ਇਸ ਨਾਲ ਨਾ ਸਿਰਫ ਬਿਊਰੋ ਵਲੋਂ ਵਿਦਿਆਰਥੀਆਂ ਤੱਕ ਆਪਣਾ ਸੁਨੇਹਾ ਪਹੁੰਚਾਉਣਾ ਆਸਾਨ ਹੋਵੇਗਾ ਸਗੋਂ ਉਹ ਵਿਦਿਆਰਥੀਆਂ ਵਿਚ ਨੂੰ ਰੁਜ਼ਗਾਰ ਪ੍ਰਾਪਤੀ ਲਈ ਪ੍ਰੇਰਨ ਵਿਚ ਬਹੁਤ ਸਹਾਈ ਹੋਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰਪਾਲ ਆਂਗਰਾ ਨੇ ਕਿਹਾ ਕਿ ਪਹਿਲੇ ਸਥਾਨ ਵਾਲੀ ਵਿਦਿਆਰਥਣ ਨੂੰ 2000 ਰੁਪੈ, ਦੂਜੇ ਸਥਾਨ ਵਾਲੇ ਵਿਦਿਆਰਥੀ ਨੂੰ 1500 ਅਤੇ ਤੀਜੇ ਸਥਾਨ ਵਾਲੀ ਵਿਦਿਆਰਥਣ ਨੂੰ 500 ਰੁਪੈ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਜਿਲਾ ਰੁਜ਼ਗਾਰ ਬਿਊਰੋ ਦੀ ਮੁਖੀ ਨੀਲਮ ਮਹੇ, ਦਵਿੰਦਰਪਾਲ ਸਿੰਘ, ਜੇਤੂ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।