5 Dariya News

‘ਮਿਸ਼ਨ ਫਤਿਹ’: ਐਸ.ਐਸ.ਪੀ. ਵਲੋਂ ਕਰੋਨਾ ਖਿਲਾਫ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦਾ ਆਗਾਜ਼

ਸੈਲਫ ਸੇਫਟੀ ਸਲੋਗਨ ਮੁਹਿੰਮ ਤਹਿਤ ਡੀ.ਐਸ.ਪੀਜ਼ ਇਕ ਦਿਨ ਘੱਟੋ-ਘੱਟ 10 ਪਿੰਡਾਂ ’ਚ ਫੈਲਾਉਣਗੇ ਜਾਗਰੂਕਤਾ

5 Dariya News

ਹੁਸ਼ਿਆਰਪੁਰ 18-Aug-2020

ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਦੇ ਮਕਸਦ ਨਾਲ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ‘ਸੇਵਾ ਸੰਕਲਪ ਸੋਸਾਇਟੀ’ ਦੇ ਸਹਿਯੋਗ ਨਾਲ ਅੱਜ ਇਥੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ‘ਸੈਲਫ ਸੇਫਟੀ ਸਲੋਗਨ’ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਮਾਸਕ ਪਹਿਨਣ ਅਤੇ ਇਕ ਦੂਜੇ ਤੋਂ ਮਿਥੀ ਦੂਰੀ ਦੀ ਪਾਲਣਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲਾਜ਼ਮੀ ਕਰਨ।ਸਥਾਨਕ ਪੁਲਿਸ ਲਾਈਨ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਦਿਆਂ ਐਸ.ਐਸ.ਪੀ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨਾ ਸਿਰਫ ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰਨਾ ਸਗੋਂ ਇਸ ਵਾਇਰਸ ਨੂੰ ਅੱਗੋਂ ਫੈਲਣ ਤੋਂ ਰੋਕਦਿਆਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਸਾਰੇ ਡੀ.ਐਸ.ਪੀਜ਼ ਨੂੰ ਜਨਤਕ ਹਿੱਤਾਂ ਦੇ ਮੱਦੇਨਜ਼ਰ ਇਕ ਦਿਨ ਵਿੱਚ ਘੱਟੋ-ਘੱਟ 10 ਪਿੰਡ ਕਵਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਇਰਸ ਖਿਲਾਫ ਸਿੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਬੰਧਤ ਥਾਣਾ ਮੁਖੀ ਵੀ ਪੂਰੀ ਸਰਗਰਮੀ ਨਾਲ ਆਪਣਾ ਬਣਦਾ ਯੋਗਦਾਨ ਪਾਉਣਗੇ ਜਿਸ ਨਾਲ ਮੁਹਿੰਮ ਨੂੰ ਹੇਠਲੇ ਪੱਧਰ ਤੱਕ ਲਿਜਾਇਆ ਜਾ ਸਕੇ।ਲੋਕਾਂ ਨੂੰ ਅਪੀਲ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਅਤੇ ਤਾਲਮੇਲ ਸਦਕਾ ਹੀ ਮਿਸ਼ਨ ਫਤਿਹ ਤਹਿਤ ਕੋਰੋਨਾ ’ਤੇ ਜਿੱਤ ਸੰਭਵ ਹੈ ਅਤੇ ਇਹ ਸਹਿਯੋਗ ਇਹ ਨਾਜ਼ੁਕ ਦੌਰ ਵਿੱਚ ਅਤਿ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸਹੀ ਢੰਗ ਨਾਲ ਸਿਹਤ ਸਲਾਹਕਾਰੀਆਂ ਦੀ ਪਾਲਣਾ ਖਾਸਕਰ ਮਾਸਕ ਪਾਉਣਾ ਤੇ ਇਕ ਦੂਜੇ ਤੋਂ ਬਣਦੀ ਦੂਰੀ ਬਣਾਉਣ ਨਾਲ ਹੀ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਖਾਸਤੌਰ ’ਤੇ ਕਿਹਾ ਕਿ ਜਦੋਂ ਕਿਤੇ ਵੀ ਉਨ੍ਹਾਂ ਨੂੰ ਘਰੋਂ ਬਾਹਰ ਜਾਣਾ ਪਵੇ ਤਾਂ ਉਹ ਮਾਸਕ ਪਾਉਣ ਅਤੇ ਸਮੇਂ-ਸਮੇਂ ਸਿਰ ਹੱਥ ਧੋਣੇ ਨਾ ਭੁੱਲਣ।ਇਸੇ ਦੌਰਾਨ ਸੇਵਾ ਸੰਕਲਪ ਸੋਸਾਇਟੀ ਦੇ ਵਾਈਸ ਪ੍ਰਧਾਨ ਐਡਵੋਕੇਟ ਹਰਪ੍ਰੀਤ ਸੰਧੂ, ਜਿਨ੍ਹਾਂ ਨੇ ਇਹ ਮੁਹਿੰਮ ਲੁਧਿਆਣਾ ’ਚ ਵੀ ਸ਼ੁਰੂ ਕਰਵਾਈ ਸੀ, ਨੇ ਦੱਸਿਆ ਕਿ ਹੁਸ਼ਿਆਰਪੁਰ ਦੁਆਬਾ ਖੇਤਰ ਦਾ ਪਹਿਲਾ ਜ਼ਿਲ੍ਹਾ ਹੈ ਜਿਥੇ ਇਹ ਮੁਹਿੰਮ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਦੇ ਮੈਡੀਕਲ ਮਾਹਰਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੇਫਟੀ ਆਨਲਾਈਨ ਸਲੋਗਨਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋਕਾਂ ਨੂੰ ਕੋਰੋਨਾ ਦੀ ਗ੍ਰਿਫਤ ’ਚ ਆਉਣੋਂ ਬਚਾਉਣ ਤਾਂ ਜੋ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ‘ਮਿਸ਼ਨ ਫਤਿਹ’ ਸਰ ਕੀਤਾ ਜਾ ਸਕੇ। ਇਸ ਮੌਕੇ ਐਡਵੋਕੇਟ ਸੰਧੂ ਜ਼ਿਲ੍ਹਾ ਪੁਲਿਸ ਨੂੰ ਇਕ ਹਜ਼ਾਰ ਮਾਸਕ ਵੀ ਸੌਂਪੇ।ਲੁਧਿਆਣਾ ਦੇ ਡੀ.ਐਮ.ਸੀ. ਤੋਂ ਵਿਸ਼ੇਸ਼ ਤੌਰ ’ਤੇ ਆਏ ਸਰਜਰੀ ਦੇ ਪ੍ਰੋਫੈਸਰ ਡਾ. ਆਸ਼ੀਸ਼ ਆਹੂਜਾ ਨੇ ਕੋਵਿਡ ਤੋਂ ਬਚਾਅ ਲਈ ਸੌਖੇ ਤਰੀਕੇ ਦੱਸਦਿਆਂ ਕਿਹਾ ਕਿ ਸਿਹਤ ਸਲਾਹਕਾਰੀਆਂ ਦੀ ਪਾਲਣਾ ਨਾਲ ਕੋਵਿਡ ਨੂੰ ਹੋਰ ਫੈਲਣੋ ਰੋਕਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਐਸ.ਡੀ.ਐਮ ਅਮਿਤ ਮਹਾਜਨ, ਐਸ.ਪੀ. ਮਨਜੀਤ ਕੌਰ, ਡੀ.ਐਸ.ਪੀ. (ਐਚ) ਗੁਰਪ੍ਰੀਤ ਸਿੰਘ ਗਿੱਲ ਅਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਵੀ ਹਾਜ਼ਰ ਸਨ।

ਪੁਲਿਸ ਨਹੀਂ ਚਾਹੁੰਦੀ ਚਲਾਨ ਕੱਟਣਾ ਪਰ ਲੋਕ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ : ਨਵਜੋਤ ਸਿੰਘ ਮਾਹਲ 

ਮਾਸਕ ਨਾ ਪਾਉਣ ਦੇ ਜ਼ੁਰਮਾਨੇ ਵਜੋਂ ਇਕ ਕਰੋੜ ਤੋਂ ਵੱਧ ਦੇ ਚਲਾਨ ਕੱਟੇ

ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਕੋਰੋਨਾ ਸਬੰਧੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੰਦਿਆਂ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਨਹੀਂ ਚਾਹੁੰਦੀ ਕਿ ਸਿਰਫ ਮਾਲੀਆ ਇਕੱਤਰ ਕਰਨ ਲਈ ਲੋਕਾਂ ਦੇ ਚਲਾਨ ਕੱਟੇ ਜਾਣ ਪਰ ਲੋਕਾਂ ਨੂੰ ਸਿਹਤ  ਸਲਾਹਕਾਰੀਆਂ ਖਾਸਕਰ ਮਾਸਕ ਪਾਉਣ ਨੂੰ ਪੂਰੀ ਤਰਜ਼ੀਹ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਮਾਸਕ ਨਾ ਪਾਉਣ ਵਾਲਿਆਂ ਦੇ ਹੁਣ ਤੱਕ ਇਕ ਕਰੋੜ ਰੁਪਏ ਤੋਂ ਵੱਧ ਦੇ ਚਲਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਹਾ ਕਿ ਕਿਸੇ ਵੀ ਕਿਸਮ ਦੀ ਉਲੰਘਣਾ ਬਰਦਾਸ਼ਤਯੋਗ ਨਹੀਂ ਹੈ।