ਆਜ਼ਾਦੀ ਖੈਰਾਤ ਵਿੱਚ ਨਹੀ ਮਿਲੀ ਬਲਕਿ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਦੇਸ਼ ਦੀ ਇਬਾਰਤ ਲਿਖੀ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਸੰਦੀਪ ਹੰਸ ਨੇ ਰਾਸ਼ਟਰੀ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ
5 Dariya News
ਮੋਗਾ 15-Aug-2020
ਦੇਸ਼ ਦੇ 74ਵੇ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਹਰ ਸਾਲ ਦੀ ਤਰ੍ਹਾਂ ਸਥਾਨਕ ਦਾਣਾ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਯੋਜਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਤਿਰੰਗਾ ਚੜਾਉਣ ਦੀ ਰਸਮ ਨਿਭਾਈ। ਇਸ ਮੌਕੇ ਜਸਟਿਸ ਮਹਿਤਾਬ ਸਿੰਘ ਗਿੱਲ (ਸੇਵਾ ਮੁਕਤ) ਵਿਸੇਸ਼ ਤੌਰ ਤੇ ਹਾਜ਼ਰ ਰਹੇ।ਉਕਤ ਤੋ ਇਲਾਵਾ ਵਿਧਾਇਕ ਧਰਮਕੋਟ ਸ੍ਰ. ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਮੁਨੀਸ਼ ਸਿੰਗਲ, ਸ੍ਰ. ਜਗਦੀਪ ਸੂਦ, ਸ੍ਰੀਮਤੀ ਅੰਜਨਾ, ਸ੍ਰੀਮਤੀ ਜਗਦੀਪ ਕੌਰ (ਤਿੰਨੇ ਐਡੀਸ਼ਨਲ ਸੈਸ਼ਨ ਜੱਜ), ਸੀ.ਜੇ.ਐਮ. ਮਿਸ ਅਮਨਦੀਪ ਕੌਰ, ਸੀ.ਜੇ.ਐਮ. ਸ੍ਰੀ ਬਗੀਚਾ ਸਿੰਘ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਸ੍ਰੀ ਵਿਜੇ ਸਾਥੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਹਰਮਨਬੀਰ ਸਿੰਘ ਗਿੱਲ, ਸ੍ਰੀਮਤੀ ਅਨੀਤਾ ਦਰਸ਼ੀ ਤੇ ਸ੍ਰੀ ਸੁਭਾਸ਼ ਚੰਦਰ (ਦੋਵੇ ਵਧੀਕ ਡਿਪਟੀ ਕਮਿਸ਼ਨਰ), ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ. ਇੰਦਰਜੀਤ ਸਿੰਘ ਬੀੜਚੜਿੱਕ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ. ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ੍ਰੀ ਵਿਨੋਦ ਬਾਂਸਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰ. ਮਹੇਸ਼ਇੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋ ਹਾਜ਼ਰ ਸਨ।ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਹੰਸ ਨੇ ਜ਼ਿਲ੍ਹਾ ਵਾਸੀਆਂ ਦੇਸ਼ ਦੇ 74ਵੇ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਾਨੂੰ ਇਹ ਆਜ਼ਾਦੀ ਖੈਰਾਤ ਵਿੱਚ ਨਹੀ ਮਿਲੀ ਬਲਕਿ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਦੇਸ਼ ਦੀ ਇਬਾਰਤ ਲਿਖੀ ਹੈ। ਉਨ੍ਹਾਂ ਕਿਹਾ ਕਿ ਗਦ਼ਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪਗੜੀ ਸੰਭਾਲ ਲਹਿਰ, ਭਾਰਤ ਛੱਡੋ ਅੰਦੋਲਨ ਵਰਗੇ ਸੰਘਰਸਾਂ ਦੀ ਬਦੌਲਤ ਹੀ 15 ਅਗਸਤ, 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਵਾਲਿਆਂ ਵਿੱਚ ਤਕਰੀਬਨ 80 ਫੀਸਦ ਪੰਜਾਬੀ ਸਨ।ਇਹ ਦਿਹਾੜਾ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਊਧਮ ਸਿੰਘ ਦੇ ਬਲੀਦਾਨਾਂ ਦੀ ਯਾਦ ਦਵਾਉਂਦਾ ਹੈ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਉਸ ਜੰਗ ਨੂੰ ਆਪਾਂ ਭਾਰਤ ਵਾਸੀ ਸੇਜ਼ਲ ਅੱਖਾਂ ਨਾਲ ਯਾਦ ਕਰਦੇ ਹਾਂ ਅਤੇ ਉਹਨਾਂ ਆਜ਼ਾਦੀ ਘੁਲਾਟੀਆ ਨੂੰ ਸਜਦਾ ਕਰਦੇ ਹੋਏ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾ। ਆਪਣਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਚੀਨ ਅਤੇ ਪਾਕਿਸਤਾਨ ਵਰਗੇ ਦੁਸ਼ਮਣ ਗਵਾਂਢੀ ਦੇਸ਼ਾਂ ਦੇ ਨਿਸ਼ਾਨੇ ਤੇ ਹੈ। ਪਰੰਤੂ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਯਕੀਨੀ ਬਣਾਉਣ ਵਾਲੀਆਂ ਭਾਰਤੀ ਫੌਜ ਦੀਆਂ ਤਿੰਨੋਂ ਸੇਵਾਵਾਂ, ਨੀਮ ਫੌਜੀ ਬਲਾਂ ਅਤੇ ਸਟੇਟ ਪੁਲਿਸ ਦੇ ਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਬਣਾਏ ਰੱਖਣ ਲਈ ਸਲਾਮ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਜਿਵੇਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਸਮਾਗਮ ਪਿਛਲੇ ਸਮਾਗਮਾਂ ਨਾਲੋਂ ਅਲੱਗ ਢੰਗ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਲਾਤ ਸਾਜ਼ਗਾਰ ਨਹੀ ਹਨ। ਨੋਵੇਲ ਕਰੋਨਾ ਵਾਈਰਸ (ਕੋਵਿਡ-19) ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਇਸ ਬਿਮਾਰੀ ਤੋ ਸਾਡਾ ਦੇਸ਼, ਸਾਡਾ ਪੰਜਾਬ ਅਤੇ ਸਾਡਾ ਜ਼ਿਲ੍ਹਾ ਮੋਗਾ ਵੀ ਪ੍ਰਭਾਵਿਤ ਹੋਇਆ ਹੈ। ਇਸ ਬਿਮਾਰੀ ਤੋ ਨਿਜ਼ਾਤ ਪਾਉਣ ਲਈ ਕੁਝ ਸਾਵਧਾਨੀਆਂ ਅਪਣਾਉਣਾ ਅਤੇ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਬਣ ਗਿਆ ਹੈ।ਇਨ੍ਹਾਂ ਹਦਾਇਤਾਂ ਦੀ ਪਾਲਣਾ ਹਿੱਤ ਹੀ ਅੱਜ ਦਾ ਇਹ ਸਮਾਗਮ ਬਹੁਤ ਹੀ ਸੰਖੇਪ ਰੂਪ ਵਿੱਚ ਮਨਾਇਆ ਜਾ ਰਿਹਾ ਹੈ।ਜ਼ਿਲ੍ਹਾ ਮੋਗਾ ਵਿੱਚ ਇਸ ਬਿਮਾਰੀ ਨਾਲ ਲੜਨ ਲਈ ਜਿੱਥੇ ਹਰ ਤਰ੍ਹਾਂ ਦੀ ਸਿਹਤ ਸਹੂਲਤ ਮੁਹੱਈਆ ਹੈ ਉੱਥੇ ਹੀ ਸ਼ੱਕੀ ਮਰੀਜ਼ਾਂ ਦੀ ਟੈਸਟਿੰਗ ਸਮਰੱਥਾ ਨੂੰ ਵੀ ਵਧਾਇਆ ਜਾ ਰਿਹਾ ਹੈ। ਮੌਜੂਦਾ ਸਮੇ ਜ਼ਿਲ੍ਹੇ ਵਿੱਚ 3 ਵਿਧੀਆਂ (ਆਰ.ਟੀ.ਪੀ.ਸੀ.ਆਰ., ਟਰੂਨਟ, ਐਂਨਟੀਜਨ) ਰਾਹੀ ਸੈਪਲਿੰਗ ਅਤੇ ਟੈਸਟਿੰਗ ਕੀਤੀ ਜਾ ਰਹੀ ਹੈ।ਇਸ ਬਿਮਾਰੀ ਉੱਪਰ ਕਾਬੂ ਪਾਉਣ ਲਈ ਅਤੇ ਸੂਬੇ ਵਿੱਚ ਸਥਿਤੀ ਆਮ ਵਾਂਗ ਕਰਨ ਲਈ ਪੰਜਾਬ ਸਰਕਾਰ ਵੱਲੋ ਮਿਸ਼ਨ ਫਤਹਿ ਸ਼ੁਰੂ ਕੀਤਾ ਗਿਆ, ਜੋ ਕਿ ਜ਼ਿਲ੍ਹਾ ਮੋਗਾ ਵਿੱਚ ਸਫ਼ਲਤਾ ਪੂਰਵਕ ਚੱਲ ਰਿਹਾ ਹੈ। ਮਿਸ਼ਨ ਫਤਹਿ ਤਹਿਤ ਕਰੋਨਾ ਦੇ ਫੈਲਾਅ ਨੂੰ ਰੋਕਣ ਵਿੱਚ ਸਫ਼ਲਤਾ ਮਿਲੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿੱਚ 45 ਹਜ਼ਾਰ ਮਾਸਕ ਮੁਫਤ ਵੰਡੇ ਜਾਣੇ ਹਨ।ਭਾਵੇਂ ਕੋਵਿਡ-19 ਨੇ ਦੁਨੀਆਂ ਭਰ ਨੂੰ ਆਰਥਿਕ ਮੰਦਹਾਲੀ ਨਾਲ ਪ੍ਰਭਾਵਿਤ ਕੀਤਾ ਹੈ ਫਿਰ ਵੀ ਇਸ ਮਹਾਂਮਾਰੀ ਨਾਲ ਜੂਝਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਇਹ ਕੋਸ਼ਿਸ਼ ਰਹੀ ਹੈ ਕਿ ਸਿਹਤ, ਵਿੱਦਿਆ, ਵਿਕਾਸ ਅਤੇ ਸਮਾਜਿਕ ਸੁਰੱਖਿਆ ਦੀਆਂ ਵੱਖ ਵੱਖ ਸਕੀਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਮੋਗਾ ਦੀਆਂ ਪ੍ਰਾਪਤੀਆਂ ਅਤੇ ਕੀਤੇ ਜਾ ਰਹੇ ਹੋਰ ਲੋਕ ਹਿੱਤ ਕਾਰਜਾਂ ਦਾ ਵੇਰਵਾ ਦਿੰਦਿਆਂ ਕੀਤੇ ਜਾ ਰਹੇ ਸਿੱਖਿਆ ਸੁਧਾਰਾਂ, ਵੱਖ ਵੱਖ ਲੋਕ ਹਿੱਤ ਯੋਜਨਾਵਾਂ, ਸਿਹਤ ਸਹੂਲਤਾਂ, ਜ਼ਿਲ੍ਹਾ ਮੋਗਾ ਦੇ ਕੌਮੀ ਪੱਧਰ ਤੇ ਵਧ ਰਹੇ ਕੱਦ, ਸਖੀ ਵਨ ਸਟਾਪ ਸੈਟਰ, ਮਗਨਰੇਗਾ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਕਾਰਗੁਜ਼ਾਰੀ, ਫੱਕਰ ਬਾਬਾ ਦਾਮੂ ਸ਼ਾਹ ਟ੍ਰੇਨਿੰਗ ਅਕੈਡਮੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮੌਕੇ ਕੀਤੇ ਕਾਰਜ਼, ਜ਼ਿਲ੍ਹਾ ਮੋਗਾ ਨੂੰ ਨੈਸ਼ਨਲ ਪੱਧਰ 'ਤੇ ਮਿਲੇ ਸਵੱਛਤਾ ਦਰਪਣ 2020 ਅਵਾਰਡ, ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ, ਸਮਾਰਟ ਵਿਲੇਜ ਕੰਪੇਨ, ਸੈਟਰਲ ਵਾਟਰ ਟ੍ਰੀਟਮੈਟ ਪਲਾਂਟ ਪ੍ਰੋਜੈਕਟ, ਖੇਤੀ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸੇਸ਼ ਤੌਰ ਤੇ ਜਿਕਰ ਕੀਤਾ।ਅੰਤ ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਇੰਨੇ ਵਰ੍ਹੇ ਹੋ ਗਏ ਹਨ ਪਰ ਫਿਰ ਵੀ ਅਸੀਂ ਉਹਨਾਂ ਟੀਚਿਆਂ ਨੂੰ ਹਾਲੇ ਤੱਕ ਪ੍ਰਾਪਤ ਨਹੀਂ ਕਰ ਸਕੇ ਜਿਨ੍ਹਾਂ ਦੀ ਕਲਪਨਾ ਆਜ਼ਾਦੀ ਪਰਵਾਨਿਆਂ ਨੇ ਕੀਤੀ ਸੀ। ਸਾਡੇ ਦੇਸ਼ ਦੀ ਵੱਡੀ ਜਨਸੰਖਿਆ, ਕੁਦਰਤੀ ਸਰੋਤਾਂ ਦੀ ਬਹੁਮੁੱਲੀ ਹੋਂਦ ਦਾ ਜੇਕਰ ਅਸੀਂ ਸੁਚੱਜੀ ਅਤੇ ਸਹੀ ਦਿਸ਼ਾ ਵਿੱਚ ਵਰਤੋਂ ਕਰੀਏ ਤਾਂ ਇਹ ਸਾਡੇ ਦੇਸ਼ ਦੀ ਤਾਕਤ ਬਣ ਸਕਦੇ ਹਨ ਅਤੇ ਦੇਸ਼ ਦਾ ਵਿਕਾਸ ਹੋਰ ਤੇਜ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਆਜ਼ਾਦੀ ਘੁਲਾਟੀਏ ਪਰਿਵਾਰਾਂ, ਮਿਸ਼ਨ ਫਤਹਿ ਯੋਧਿਆਂ, ਕਰੋਨਾ ਯੋਧਿਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਸਨਮਾਨ ਉਨ੍ਹਾਂ ਦੇ ਘਰਾਂ ਵਿੱਚ ਹੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਓ, ਅਸੀ ਸਾਰੇ ਅੱਜ ਇਸ ਸ਼ੁੱਭ ਮੌਕੇ ਤੇ ਅਹਿਦ ਲਈਏ ਕਿ ਦੇਸ਼ ਦੀ ਖੁਸ਼ਹਾਲੀ ਲਈ ਅਸੀ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸੂਬੇ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਲਿਜਾਣ ਲਈ ਆਪਣਾ ਯੋਗਦਾਨ ਪਾਉਦੇ ਰਹਾਂਗੇ। ਇਸ ਸਮੁੱਚੇ ਸਮਾਗਮ ਦੀ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ਼ ਉੱਪਰ ਲਾਈਵ ਕਵਰੇਜ ਕੀਤੀ ਗਈ, ਜਿਸ ਰਾਹੀ ਹਜ਼ਾਰਾਂ ਜ਼ਿਲ੍ਹਾ ਵਾਸੀਆਂ ਨੇ ਇਸ ਸਮਾਗਮ ਨੂੰ ਆਨਲਾਈਨ ਦੇਖਿਆ। ਕੋਵਿਡ19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਗਮ ਵਿੱਚ ਜਿੱਥੇ ਆਮ ਲੋਕ ਨਹੀ ਬੁਲਾਏ ਗਏ ਉੱਥੇ ਰੰਗਾਰੰਗ ਪੇਸ਼ਕਾਰੀਆਂ ਅਤੇ ਮਾਰਚਪਾਸਟ ਆਦਿ ਗਤੀਵਿਧੀਆਂ ਨਹੀ ਕੀਤੀਆਂ ਗਈਆਂ।