5 Dariya News

ਵਾਤਾਵਰਣ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਾਏ ਜਾਣ: ਤੇਜ ਪ੍ਰਤਾਪ ਸਿੰਘ ਫੂਲਕਾ

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਧੌਲਾ ਦਾ ਦੌਰਾ, 12 ਏਕੜ ’ਚ ਲੱਗੇ 65 ਕਿਸਮਾਂ ਦੇ ਪੌਦਿਆਂ ਦਾ ਨਿਰੀਖਣ

5 Dariya News

ਬਰਨਾਲਾ 05-Aug-2020

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਭਰ ਵਿਚ ਵਾਤਾਵਰਨ ਸ਼ੁੱਧਤਾ ਲਈ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪਿੰਡ ਧੌਲਾ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਅਤੇ ਸ਼ਹੀਦ ਅਮਰਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਵਾਤਾਵਰਨ ਅਤੇ ਪੰਛੀਆਂ ਦੀ ਸੰਭਾਲ ਲਈ ਲਗਭਗ 12 ਏਕੜ ਜ਼ਮੀਨ ਵਿਚ ਪੰਜਾਬ ਦੀਆਂ ਲਗਭਗ 65 ਕਿਸਮਾਂ ਦੇ ਲਗਾਏ ਰੁੱਖਾਂ ਦਾ ਨਿਰੀਖਣ ਕੀਤਾ ਗਿਆ।  ਇਸ ਮੌਕੇ ਸੰਸਥਾ ਦੇ ਸੰਸਥਾਪਕ ਸੰਦੀਪ ਧੌਲਾ ਅਤੇ ਜਗਤਾਰ ਰਤਨ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦੱਸਿਆ ਗਿਆ ਕਿ ਉਹ ਲਗਭਗ 15 ਸਾਲਾਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰਦੇ ਆ ਰਹੇ ਹਨ। ਇਸ ਦੌਰਾਨ ਧੌਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 12 ਏਕੜ ਦੇ ਕਰੀਬ ਰਕਬੇ ਵਿਚ ਰੁੱਖ ਲਗਾਏ ਗਏ, ਜੋ ਕਿ ਅੱਜ ਜੰਗਲਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕੁਦਰਤ ਪ੍ਰੇਮੀ ਟੀਮ ਵੱਲੋਂ ਪੰਜਾਬ ਨਾਲ ਸਬੰਧਿਤ ਅਲੋਪ ਹੋ ਚੁੱਕੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਰੈਣ-ਬਸੇਰੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ, ਇਨ੍ਹਾਂ ਪੰਛੀਆਂ ਦੇ ਮੁੜ ਵਸੇਬੇ ਲਈ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ 30 ਹਜ਼ਾਰ ਦੇ ਕਰੀਬ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਇਲਾਵਾ ਰਾਜਸਥਾਨ ਅਤੇ ਹਰਿਆਣਾ ਵਿਖੇ ਵੀ ਆਲ੍ਹਣੇ ਲਗਵਾਏ ਗਏ।  ਸ੍ਰੀ ਸੰਦੀਪ ਬਾਵਾ ਨੇ ਦੱਸਿਆ ਕਿ ਧੌਲਾ ਪਿੰਡ ਵਿਖੇ ਹੀ ਲਗਭਗ 55 ਤੋਂ 60 ਪ੍ਰਜਾਤੀਆਂ ਪੰਛੀਆਂ ਦੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਕਿ ਇਨ੍ਹਾਂ ਜੰਗਲਾਂ ਦੀ ਹੀ ਦੇਣ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਏਡੀਸੀ (ਡੀ) ਸ੍ਰੀ ਅਰੁਣ ਜਿੰੰਦਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜਯ ਭਾਸਕਰ ਸ਼ਰਮਾ ਵੱਲੋਂ ਵੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਪੌਦਾ ਵੀ ਲਾਇਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਮਹੀਨੇ ਵੱਧ ਤੋਂ ਵੱਧ ਪੌਦੇ ਪਿੰਡਾਂ ਦੀਆਂ ਫਿਰਨੀਆਂ ਅਤੇ ਸਾਂਝੀਆਂ ਥਾਵਾਂ ਉਪਰ ਲਗਾਏ ਜਾਣ।  ਇਸ ਮੌਕੇ ਸਰਪੰਚ ਤਰਸੇਮ ਸਿੰਘ, ਨਗਰ ਪੰਚਾਇਤ ਧੌਲਾ ਦੇ ਮੈਂਬਰ, ਪ੍ਰੇਮਜੀਤ ਧੌਲਾ, ਕਮਲ ਬਾਵਾ, ਕੁਲਦੀਪ ਰਾਜੂ, ਮੋਹਨ ਸਿੰਘ ਖਾਲਸਾ, ਕਰਨੈਲ ਸਿੰਘ, ਅਮ੍ਰਿੰਤਪਾਲ ਸਿੰਘ, ਜਗਮੀਤ ਸਿੰਘ, ਰਜਿੰਦਰ ਸਿੰਘ ਤੇ ਹੁਸਨਪ੍ਰੀਤ ਸਿੰਘ ਆਦਿ ਹਾਜ਼ਰ ਸਨ।