50 ਹੋਰ ਮਰੀਜ਼ਾਂ ਨੂੰ ਇਲਾਜ ਉਪਰੰਤ ਕੋਵਿਡ ਕੇਅਰ ਸੈਂਟਰ ਅਤੇ ਹਸਪਾਤਲਾਂ ਤੋਂ ਮਿਲੀ ਛੁੱਟੀ
ਹੁਣ ਤੱਕ 1955 ਮਰੀਜ਼ ਕੋਰੋਨਾ ਵਾਇਰਸ ਖਿਲਾਫ਼ ਜਿੱਤ ਚੁੱਕੇ ਲੜਾਈ
5 Dariya News
ਜਲੰਧਰ 06-Aug-2020
ਜਲੰਧਰ ਵਿਖੇ ਅੱਜ 50 ਹੋਰ ਮਰੀਜ਼ਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਸਨ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ, ਇਨ੍ਹਾਂ ਵਿੱਚ 12 ਸਥਾਨਕ ਸਿਵਲ ਹਸਪਤਾਲ, 15 ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ, 18 ਬੀ.ਐਸ.ਐਫ.ਹਸਪਤਾਲ ਅਤੇ ਪੰਜ ਪ੍ਰਾਈਵੇਟ ਹਸਪਤਾਲਾਂ ਦੇ ਮਰੀਜ਼ ਸ਼ਾਮਿਲ ਹਨ ਜਿਨਾ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ।ਇਸ ਤਰ੍ਹਾਂ ਹੁਣ ਤੱਕ 1955 ਮਰੀਜ਼ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤ ਚੁੱਕੇ ਹਨ ਜਦਕਿ ਜ਼ਿਲ੍ਹੇ ਵਿੱਚ 780 ਐਕਟਿਵ ਕੇਸ ਹਨ ਅਤੇ 72 ਮੌਤਾਂ ਹੋ ਚੁੱਕੀਆਂ ਹਨ।ਛੁੱਟੀ ਮਿਲਣ ਸਮੇਂ ਇਨ੍ਹਾਂ ਮਰੀਜ਼ਾਂ ਵਲੋਂ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਵਰਕਰਾਂ ਵਲੋਂ ਇਲਾਜ ਦੌਰਾਨ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਲਈ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਮਿਆਰੀ ਇਲਾਜ ਨੂੰ ਯਕੀਨੀ ਬਣਾਇਆ ਗਿਆ ਜਿਸ ਸਕਦਾ ਉਹ ਠੀਕ ਹੋ ਕੇ ਘਰਾਂ ਨੂੰ ਪਰਤ ਸਕੇ। ਉਨ੍ਹਾਂ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਜਲੰਧਰ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਾਲ ਨਾਲ ਚਿਹਰੇ , ਨੱਕ ਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕੀਤਾ ਜਾਵੇ।