5 Dariya News

ਡੇਰਾ ਬਸੀ ਇਲਾਕੇ 'ਚ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ ਲਈ ਦੀਪਿੰਦਰ ਸਿੰਘ ਢਿੱਲੋਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਐਨ ਕੇ ਸ਼ਰਮਾ

5 Dariya News

ਜ਼ੀਰਕਪੁਰ 03-Aug-2020

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਡੇਰਾਬਸੀ ਇਲਾਕੇ ਵਿਚ ਨਜਾਇਜ਼ ਸ਼ਰਾਬ ਦੀ ਕਿਰੀ ਅਤੇ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ 'ਤੇ ਕਾਂਗਰਸੀ ਆਗੂ ਦੀਪਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਐਸ ਐਸ ਪੀ ਮੁਹਾਲੀ ਨੂੰ ਦਿੱਤੇ ਇਕ ਮੰਗ ਪੱਤਰ ਵਿਚ  ਦੱਸਿਆ ਹੈ ਕਿ ਜ਼ੀਰਕਪੁਰ ਤੇ ਲਾਲੜੂ ਸਮੇਤ ਡੇਰਾ ਬਸੀ ਹਲਕੇ ਵਿਚ ਨਜਾਇਜ਼ ਸ਼ਰਾਬ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ।  ਉਹਨਾਂ ਕਿਹਾ ਕਿ ਉਹਨਾਂ ਨੇ ਲਾਕ ਡਾਊਨ ਦੌਰਾਨ ਨਜਾਇਜ਼ ਸ਼ਰਾਬ ਦੀ ਵਿਕਰੀ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਜਦੋਂ ਵਿਖਾਇਆ ਸੀ ਕਿ ਕਿਵੇਂ ਕਾਂਗਰਸੀ ਆਗੂ ਸ਼ੌਅਰੂਮਾਂ ਦੀ ਵਰਤੋਂ ਨਜਾਇਜ਼ ਸ਼ਰਾਬ ਰੱਖਣ ਵਾਸਤੇ ਕਰ ਰਹੇ ਹਨ । ਸ੍ਰੀ ਸ਼ਰਮਾ ਨੇ ਕਿਹਾ ਕਿ ਹੁਣ ਵੀ ਨਜਾਇਜ਼ ਸ਼ਰਾਬ ਦੀ ਵਿਕਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ ਤੇ ਦੀਪਿੰਦਰ ਸਿੰਘ ਇਸ ਨਜਾਇਜ਼ ਸ਼ਰਾਬ ਦੇ ਧੰਦੇ ਦੀ ਸਰਪ੍ਰਸਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਰੇ ਘੁਟਾਲੇ ਦਾ ਮੁੱਖ ਦੋਸ਼ੀ ਬਿੱਟੂ ਜਲਵੇੜਾ ਢਿੱਲੋਂ ਦੀ ਸੱਜ ਬਾਂਹ ਹੈ।  ਉਹਨਾਂ ਕਿਹਾ ਕਿ ਬਿੱਟੂ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ ਬਲਾਕ ਸੰਮਤੀ ਚੋਣਾਂ ਵਿਚ ਢਿੱਲੋਂ ਵਾਸਤੇ ਵੋਟਾਂ ਮੰਗਦਾ ਰਿਹਾ ਹੈ। ਉਸਨੇ ਬਲਾਕ ਸੰਮਤੀ ਚੋਣਾਂ ਵੇਲੇ ਤ੍ਰਿਵੇਦੀ ਕੈਂਪ ਵਿਚ ਬੂਥਾਂ 'ਤੇ ਕਬਜ਼ਾ ਕੀਤਾ ਸੀ ਤੇ ਵਿਧਾਨ ਸਭਾ ਚੋਣਾਂ ਵੇਲੇ ਲੋਹਗੜ• ਵਿਚ ਗੋਲੀ ਚਲਾ ਦਿੱਤੀ ਸੀ। ਉਹਨਾਂ ਕਿਹਾ ਕਿ ਪੁਲਿਸ ਬਿੱਟੂ ਜਲਵੇੜਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਢਿੱਲੋਂ ਤੇ ਕਾਂਗਰਸ ਸਰਕਾਰ ਉਸਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਬਨੂੜ-ਤੇਪਲਾ ਸੜਕ 'ਤੇ ਸਥਿਤ ਢਾਬਿਆਂ ਦੀ ਵਰਤੋਂ ਨਜਾਇਜ਼ ਸ਼ਰਾਬ ਰੱਖਣ ਵਾਸਤੇ ਕੀਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਦੀਪਿੰਦਰ ਸਿੰਘ ਢਿੱਲੋਂ ਇਹਨਾਂ ਢਾਬਿਆਂ ਦੀ ਵਰਤੋਂ ਆਪਣਾ ਸਟਾਕ ਰੱਖਣ ਵਾਸਤੇ ਕਰ ਰਿਹਾ ਹੈ ਤੇ ਵਾਰ ਵਾਰ ਇਸਦਾ ਨਾਂ ਬਦਲ ਦਿੱਤਾ ਜਾਂਦਾ ਹੈ। ਪਹਿਲਾਂ ਇਹ ਝਿੱਲ ਮਿੱਲ ਢਾਬਾ ਸੀ ਤੇ ਹੁਣ ਮੁਲਤਾਨੀ ਢਾਬਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਇਹ ਵੀ ਚੰਗੀ ਤਰਾਂ ਜਾਣਦੇ ਹਨ ਕਿ ਰਾਜਪੁਰਾ ਤੇ ਘਨੌਰ ਵਿਚ ਵੀ ਕਾਂਗਰਸੀ ਆਗੂ ਨਜਾਇਜ਼ ਸ਼ਰਾਬ ਦੀ ਵਿਕਰੀ ਦੀ ਸਰਪ੍ਰਸਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਾਰੇ ਕਾਂਗਰਸੀ ਆਗੂ ਮਿਲ ਕ ਹੁਣ ਨਜਾਇਜ਼ ਸ਼ਰਾਬ ਦੀ ਸਪਲਾਈ ਯਕੀਨੀ ਬਣਾ ਰਹੇ ਹਨ।ਸ੍ਰੀ ਸ਼ਰਮਾ ਨੇ ਕਿਹਾ ਕਿ  ਨਾ ਸਿਰਫ ਨਜਾਇਜ਼ ਸ਼ਰਾਬ ਬਲਕਿ ਢਿੱਲੋਂ ਰੇਤ ਮਾਫੀਆ ਦੀ ਵੀ ਸਰਪ੍ਰਸਤੀ ਕਰ ਰਹੇ ਹਨ। ਉਹਨਾਂ ਕਿਹ ਕਿ ਪਹਿਲਾਂ ਵੀ ਉਹਨਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਰੇਤ ਮਾਫੀਆ ਬੇਨਕਾਬ ਕੀਤਾ ਸੀ ਤੇ ਇਸਦੇ ਸਬੂਤ ਪੁਲਿਸ ਨੂੰ ਦਿੱਤੇ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇਸ ਮਾਫੀਆ ਨੂੰ ਦੀਪਿੰਦਰ ਢਿੱਲੋਂ ਤੋਂ ਸਿਆਸੀ ਸਰਪ੍ਰਸਤੀ ਹਾਸਲ ਹੈ।ਉਹਨਾਂ ਕਿਹਾ ਕਿ ਢਿੱਲੋਂ ਨਜਾਇਜ਼ ਮਾਇਨਿੰਗ ਨਾਲ ਇਲਾਕੇ ਨੂੰ ਤਬਾਹ ਕਰ ਰਹੇ ਹਨ ਅਤੇ ਸ਼ਰਾਬ ਤੇ ਹੋਰ ਨਸ਼ਿਆਂ ਨਾਲ ਇਲਾਕੇ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ।ਸ੍ਰੀ ਸ਼ਰਮਾ ਨੇ ਐਸ ਐਸ ਪੀ ਨੂੰ ਅਪੀਲ ਕੀਤੀ ਕਿ ਦੀਪਿੰਦਰ ਸਿੰਘ ਢਿੱਲੋਂ ਦੇ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ  ਉਹਨਾਂ ਦੇ ਹਲਕੇ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਖਾਸ ਤੌਰ 'ਤੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।