5 Dariya News

ਦੁੱਧ ਅਤੇ ਦੁੱਧ ਉਤਪਾਦਾਂ ਦੀ ਮਿਲਾਵਟ ਨੂੰ ਰੋਕਣ ਵਿਚ ਅੰਤਰ ਜ਼ਿਲ੍ਹਾ ਟੀਮ ਨੂੰ ਮਿਲੀ ਵੱਡੀ ਸਫਲਤਾ

ਬਹੁਤ ਘੱਟ ਕੀਮਤ 'ਤੇ ਵੇਚੇ ਜਾ ਰਹੇ ਨਕਲੀ ਪਨੀਰ ਦੀ ਸਪਲਾਈ ਦਾ ਲਗਾਇਆ ਪਤਾ

5 Dariya News

ਲੁਧਿਆਣਾ 23-Jul-2020

ਅੰਤਰ ਜ਼ਿਲ੍ਹਾ ਫੂਡ ਟੀਮ ਨੇ ਰਾਤ ਨੂੰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਰੋਕਣ ਵਿਚ ਵੱਡੀ ਕਾਰਵਾਈ ਕਰਕੇ ਸਫਲਤਾ ਹਾਸਲ ਕੀਤੀ ਹੈ ਅਤੇ ਬਹੁਤ ਘੱਟ ਕੀਮਤ 'ਤੇ ਵੇਚੇ ਜਾ ਰਹੇ ਨਕਲੀ ਪਨੀਰ ਦੀ ਸਪਲਾਈ ਦਾ ਪਤਾ ਲਗਾਇਆ ਗਿਆ ਹੈ। ਇਹ ਜਾਣਕਾਰੀ ਕਮਿਸ਼ਨਰ ਐਫਡੀਏ ਪੰਜਾਬ, ਕਾਹਨ ਸਿੰਘ ਪੰਨੂ ਨੇ ਦਿੱਤੀ।ਇਹ ਛਾਪੇਮਾਰੀ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਨੂੰ ਰੋਕਣ ਸਬੰਧੀ ਮਿਲੀ ਸੂਹ ਦੇ ਆਧਾਰ 'ਤੇ ਕੀਤੀ ਗਈ ਸੀ। ਇਹ ਛਾਪੇਮਾਰੀ ਬੁੱਧਵਾਰ ਸਵੇਰੇ ਸ਼ੁਰੂ ਹੋਈ ਅਤੇ ਰਾਤ ਭਰ ਚੱਲੀ। ਇਸ ਛਾਪੇਮਾਰੀ ਦੌਰਾਨ ਡੇਅਰੀ ਉਪਕਰਣਾਂ ਦੇ ਡੀਲਰ ਅਤੇ ਪਨੀਰ ਦੀ ਉਤਪਾਦਨ ਯੂਨਿਟ ਅਤੇ ਸਸਤੇ ਪਨੀਰ ਦੇ ਵਿਕਰੇਤਾ ਦੀ ਜਾਂਚ ਕੀਤੀ ਗਈ।ਛਾਪੇਮਾਰੀ ਦੀ ਸ਼ੁਰੂਆਤ ਲੁਧਿਆਣਾ ਬੱਸ ਸਟੈਂਡ ਨਜਦੀਕ ਪੈਂਦੇ ਅਗਰਵਾਲ ਇਕਵਿਪਮੈਂਟ ਪ੍ਰਾਇਵੇਟ ਲਿਮ. ਕੰਪਨੀ ਤੋਂ ਕੀਤੀ ਗਈ। ਕੰਪਨੀ ਦੇ ਮਾਲਕ ਦੀ ਦੁਕਾਨ ਅਤੇ ਗੁਦਾਮਾਂ ਦੀ ਜਾਂਚ ਕੀਤੀ ਗਈ ਅਤੇ ਦੇਸੀ ਘੀ ਦੇ ਸੈਂਪਲ ਲਏ ਗਏ।ਇਸ ਦੇ ਆਧਾਰ 'ਤੇ ਟੀਮ ਨੇ ਪਿੰਡ ਮਟੋਈ, ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦੀ ਪਨੀਰ ਉਤਪਾਦਨ ਯੂਨਿਟ ਮੁਕੰਦ ਮਿਲਕ ਸੈਂਟਰ 'ਤੇ ਛਾਪਾ ਮਾਰਿਆ। ਇਸ ਯੂਨਿਟ ਵਿਚ ਦੁੱਧ ਕੋਲਡ ਚੇਨ ਨੂੰ ਬਰਕਰਾਰ ਨਾ ਰੱਖਦਿਆਂ ਰਾਜਸਥਾਨ ਤੋਂ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਟੀਮ ਨੇ ਟਿੱਬਾ ਰੋਡ ਲੁਧਿਆਣਾ ਸਥਿਤ ਬਹੁਤ ਘੱਟ ਕੀਮਤ 'ਤੇ ਪਨੀਰ ਵੇਚਣ ਵਾਲੇ ਵਿਕਰੇਤਾ ਲੱਛਮੀ ਡੇਅਰੀ ਦਾ ਪਤਾ ਲਗਾਇਆ। ਇਸ ਦੀ ਜਾਂਚ ਕੀਤੀ ਗਈ ਅਤੇ ਸੈਂਪਲ ਲਏ।ਇਸ ਛਾਪੇ ਦੌਰਾਨ 135 ਲੀਟਰ ਘੀ, ਰਾਜਸਥਾਨ ਤੋਂ ਲਿਆਂਦੇ ਦੁੱਧ ਦੇ ਟੈਂਕਰ ਵਿਚ 8000 ਲੀਟਰ ਦੁੱਧ, ਇਕ ਹੋਰ ਸੈਂਟਰ ਤੋਂ 1200 ਲੀਟਰ ਦੁੱਧ ਅਤੇ ਲੱਛਮੀ ਡੇਅਰੀ ਤੋਂ 100 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਗਿਆ।ਐਫਡੀਏ ਕਮਿਸ਼ਨਰ ਨੇ ਕਿਹਾ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਦੁਆਰਾ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਾ ਉਤਰਨ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਵਿਕਰੀ ਨੂੰ ਰੋਕਣ ਲਈ ਅਜਿਹੇ ਛਾਪੇ ਜਾਰੀ ਰਹਿਣਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਪੌਸ਼ਟਿਕ ਉਤਪਾਦਾਂ ਦੀ ਉਪਲੱਬਧ ਨੂੰ ਯਕੀਨੀ ਬਣਾਇਆ ਜਾ ਸਕੇ।ਜਾਂਚ ਟੀਮ ਵਿੱਚ ਸਹਾਇਕ ਕਮਿਸ਼ਨਰ ਫੂਡ ਸ੍ਰੀ ਅਮ੍ਰਿਤਪਾਲ ਸਿੰਘ ਸੋਢੀ, ਫੂਡ ਸੇਫਟੀ ਅਫਸਰ ਸੰਦੀਪ ਸਿੰਘ ਅਤੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਸ਼ਾਮਲ ਸਨ।